– ਜੇਕਰ ਭਰਤੀ ਦਾ ਹੱਲ ਨਾ ਕੀਤਾ ਤਾਂ ਅਗਾਮੀ ਚੋਣਾਂ ਦੌਰਾਨ ਘਰ-ਘਰ ਜਾ ਕੇ ਕਰਾਂਗੇ ਭੰਡੀ ਪ੍ਰਚਾਰ: ਬੇਰੁਜ਼ਗਾਰ ਆਗੂ
– ਪ੍ਰੀਖਿਆ ਲਏ ਨੂੰ 9 ਮਹੀਨੇ ਬੀਤੇ ਪਰ ਅਜੇ ਤੱਕ ਨਹੀ ਕਰਵਾਇਆ ਜੁਆਇਨ: ਬੇਰੁਜ਼ਗਾਰ ਆਗੂ
ਸੰਗਰੂਰ, 25 ਨਵੰਬਰ (ਦਲਜੀਤ ਕੌਰ/ਜਾਬ ਮੇਲ)- ਪੰਜਾਬ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਤੋਂ ਤੰਗ ਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿਖੇ ਰੋਸ ਮਾਰਚ ਕੱਢਣ ਜਾ ਰਹੇ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਉੱਪਰ ਪੰਜਾਬ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਦੌਰਾਨ ਵੱਡੀ ਗਿਣਤੀ ਲੜਕੇ ਅਤੇ ਲੜਕੀਆ ਜਖਮੀ ਹੋ ਗਏ। ਇਸ ਦੌਰਾਨ ਪੁਲਿਸ ਫੋਰਸ ਨੇ ਲੜਕੇ ਅਤੇ ਲੜਕੀਆਂ ਨੂੰ ਖੇਤਾਂ ਵਿੱਚ ਭਜਾ-ਭਜਾ ਕੇ ਬੁਰੀ ਤਰ੍ਹਾਂ ਕੁੱਟਿਆ। ਇਸ ਦੇ ਨਾਲ ਹੀ ਯੂਨੀਅਨ ਦੇ ਸੂਬਾ ਕਮੇਟੀ ਮੈਂਬਰਾਂ ਨੂੰ ਵੀ ਥਾਣੇ ਵਿੱਚ ਸਾਰੇ ਕੇਡਰ ਸਾਹਮਣੇ ਗਾਲੀ ਗਲੋਚ ਕਰਦਿਆਂ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ।
ਇਸ ਰੋਸ ਮਾਰਚ ਦੀ ਅਗਵਾਈ ਕਰ ਰਹੇ ਸੂਬਾ ਕਮੇਟੀ ਮੈਂਬਰ ਬਲਿਹਾਰ ਸਿੰਘ ਬੱਲੀ, ਪਰਮਪਾਲ, ਬੱਗਾ ਖੁਡਾਲ, ਕੁਲਵਿੰਦਰ ਬਰੇਟਾ, ਪਰਗਟ ਸਿੰਘ, ਲਵਪ੍ਰੀਤ ਦੰਦੀਵਾਲ, ਜੱਸੀ ਬਿੱਲਾ, ਹਰੀਸ਼ ਕੁਮਾਰ ਤੇ ਬੰਟੀ ਅਬੋਹਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬੇਰੁਜ਼ਗਾਰ ਵਿਰੋਧੀ ਚਿਹਰਾ ਸਾਰਿਆਂ ਸਾਹਮਣੇ ਨੰਗਾ ਹੋ ਗਿਆ ਹੈ। ਉਹਨਾਂ ਆਖਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਇਸ ਤਰ੍ਹਾਂ ਦਾ ਤਸ਼ੱਦਦ ਕਦੇ ਵੀ ਨੌਜਵਾਨਾਂ ਤੇ ਨਹੀਂ ਕੀਤਾ ਗਿਆ ਜੋ ਕਿ ਆਮ ਆਦਮੀ ਦੀ ਸਰਕਾਰ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਕਰ ਰਹੀ ਹੈ। ਅੱਜ ਦੇ ਲਾਠੀਚਾਰਜ ਦੌਰਾਨ ਸ਼ਰੇਆਮ ਨੌਜਵਾਨਾਂ ਦੀਆਂ ਪੱਗਾਂ ਅਤੇ ਕੁੜੀਆਂ ਦੀਆਂ ਚੁੰਨੀਆਂ ਪੈਰਾਂ ਵਿੱਚ ਰੋਲੀਆਂ ਗਈਆਂ ਹਨ। ਇਸ ਤੋਂ ਇਲਾਵਾ ਲੜਕੀਆਂ ਲਈ ਬਹੁਤ ਹੀ ਗੰਦੀ ਸ਼ਬਦਾਵਲੀ ਪੰਜਾਬ ਪੁਲਿਸ ਵੱਲੋਂ ਵਰਤੀ ਗਈ ਹੈ ਜੋ ਨਿਖੇਧੀਯੋਗ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਲਗਭਗ 09 ਮਹੀਨੇ ਪਹਿਲਾਂ ਬਤੌਰ ਪ੍ਰਾਇਮਰੀ ਅਧਿਆਪਕ ਚੁਣੇ ਗਏ ਨੌਜਵਾਨਾਂ ਨੂੰ ਜੁਆਇਨਿੰਗ ਲੈਣ ਲਈ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ।
ਉਨ੍ਹਾਂ ਆਖਿਆ ਕਿ ਉਕਤ ਈਟੀਟੀ 5994 ਭਰਤੀ ਮਾਨਯੋਗ ਹਾਈਕੋਰਟ ਅਧੀਨ ਹੈ। ਇਸ ਭਰਤੀ ’ਤੇ ‘‘ਮੌਖਿਕ ਰੋਕ’’ ਲੱਗੀ ਹੈ। ਇਸ ਰੋਕ ਲਈ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਜਿੰਮੇਵਾਰ ਹੈ ਪਰ ਸਰਕਾਰ ਦੀਆਂ ਗਲਤੀਆਂ ਦਾ ਨਤੀਜਾ ਉਮੀਦਵਾਰਾਂ ਨੂੰ ਸੜਕਾਂ ’ਤੇ ਠੰਡੀਆਂ ਰਾਤਾਂ ਕੱਟ ਕੇ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਲ 2022 ਵਿੱਚ ਪੰਜਾਬ ਸਰਕਾਰ ਵੱਲੋਂ ਇਸ 5994 ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਣਾ ਸੀ ਤਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਯੂਨੀਅਨ ਨਾਲ ਕੀਤੀਆਂ ਜਾਂਦੀਆਂ ਮੀਟਿੰਗਾਂ ਵਿੱਚ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਭਰਤੀ ਸਬੰਧੀ ਨੋਟੀਫਿਕੇਸ਼ਨ ਚਾਹੇ ਲੇਟ ਜਾਰੀ ਕੀਤਾ ਜਾਵੇ ਪਰ ਇਹੋ ਜਿਹਾ ਨੋਟੀਫਿਕੇਸ਼ਨ ਤਿਆਰ ਕੀਤਾ ਜਾਵੇਗਾ ਕਿ ਭਰਤੀ ਅਦਾਲਤਾਂ ਵਿੱਚ ਨਹੀ ਰੁਲੇਗੀ। ਜਿਸ ਦੇ ਚੱਲਦੇ ਯੂਨੀਅਨ ਆਗੂਆਂ ਨੇ ਸਰਕਾਰ ’ਤੇ ਭਰੋਸਾ ਕਰਦਿਆਂ ਨੋਟੀਫਿਕੇਸ਼ਨ ਕੁਝ ਮਹੀਨੇ ਲੇਟ ਜਾਰੀ ਕਰਵਾਇਆ ਤਾਂ ਜੋ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਪਰ ਫਿਰ ਵੀ ਪਿਛਲੇ ਲਗਭਗ 8-9 ਮਹੀਨੇ ਤੋਂ ਉਕਤ ਈਟੀਟੀ 5994 ਭਰਤੀ ਮਾਨਯੋਗ ਹਾਈਕੋਰਟ ਵਿੱਚ ਰੁਲ ਰਹੀ ਹੈ। ਜਿਸ ਦੇ ਚੱਲਦੇ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਉਕਤ 5994 ਅਸਾਮੀਆਂ ਲਈ ਪ੍ਰੀਖਿਆ 05 ਮਾਰਚ 2023 ਨੂੰ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਸਥਾਪਤ ਕੀਤੇ ਪ੍ਰੀਖਿਆਂ ਕੇਂਦਰਾਂ ਵਿੱਚ ਲਈ ਗਈ ਸੀ।
ਸਿੱਖਿਆ ਮੰਤਰੀ ਦੇ ਪਿੰਡ 46 ਦਿਨ ਤੋਂ ਲੱਗਾ ਹੋਇਆ ਪੱਕਾ ਮੋਰਚਾ
ਇਸ ਦੇ ਨਾਲ ਹੀ ਈਟੀਟੀ ਟੈਟ ਪਾਸ ਬੇਰੋਜਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ 11 ਅਕਤੂਬਰ 2023 ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ, ਜੋ ਅੱਜ 47ਵੇਂ ਦਿਨ ’ਚ ਦਾਖਲ ਹੋ ਚੁੱਕਾ ਹੈ।
ਸਰਕਾਰ ਖਿਲਾਫ ਕਰਾਂਗੇ ਭੰਡੀ ਪ੍ਰਚਾਰ: ਆਗੂ
ਇਸ ਦੌਰਾਨ ਸੂਬਾ ਕਮੇਟੀ ਮੈਂਬਰਾਂ ਨੇ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਕਤ ਈਟੀਟੀ 5994 ਅਧਿਆਪਕਾਂ ਦੀ ਭਰਤੀ ਨੂੰ ਮਾਨਯੋਗ ਹਾਈਕੋਰਟ ਵਿੱਚੋਂ ਬਾਹਰ ਕਢਵਾਉਣ ਲਈ ਵਿਸ਼ੇਸ਼ ਯਤਨ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਗਾਮੀ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਤੇ ਗ੍ਰਾਮ ਪੰਚਾਇਤ ਦੀਆਂ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾਵੇਗਾ।
ਹਵਾ ਹੋਏ ਸਰਕਾਰ ਦੇ ਦਾਅਵੇ: ਆਗੂ
ਸੱਤਾ ਵਿੱਚ ਆਉਣ ਤੋਂ ਪਹਿਲਾਂ ਮੌਜੂਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਖ-ਵੱਖ ਯੂਨੀਅਨਾਂ ਦੇ ਧਰਨਿਆਂ ਵਿੱਚ ਜਾ ਕੇ ਇਹ ਕਹਿੰਦੇ ਨਹੀ ਸਨ ਥੱਕਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਕਿਸੇ ਨੂੰ ਧਰਨਾ ਪ੍ਰਦਰਸ਼ਨ ਨਹੀ ਕਰਨਾ ਪਵੇਗਾ ਅਤੇ ਨੌਜਵਾਨਾਂ ਨੂੰ ਘਰ-ਘਰ ਜਾ ਕੇ ਨੌਕਰੀਆਂ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦੇ ਇਹ ਦਾਅਵੇ ਹਵਾ ਹਵਾਈ ਸਿੱਧ ਹੋ ਰਹੇ ਹਨ। ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਾਂਗ ਅੱਜ ਆਮ ਆਦਮੀ ਦੀ ਸਰਕਾਰ ਵਿੱਚ ਵੀ ਪੜ੍ਹੇ ਲਿਖੇ ਤਬਕੇ ਨੂੰ ਵੀ ਸੜਕਾਂ ’ਤੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਈਟੀਟੀ ਟੈੱਟ ਅਧਿਆਪਕਾਂ ‘ਤੇ ਲਾਠੀਚਾਰਜ਼ ਅਤੇ ਗ੍ਰਿਫਤਾਰ ਕਰਨ ਦੀ ਡੀਟੀਐੱਫ ਵੱਲੋਂ ਸਖ਼ਤ ਨਿਖੇਧੀ
ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਪਹੁੰਚੇ 5994 ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਸ ਵੱਲੋਂ ਲਾਠੀਚਾਰਜ਼ ਅਤੇ ਜਬਰਨ ਖਿੱਚ ਧੂਹ ਰਾਹੀਂ ਕਈ ਅਧਿਆਪਕਾਂ ਨੂੰ ਜਖਮੀ ਕਰਨ ਦੀ, ਫ਼ੜ ਕੇ ਵੱਖ ਵੱਖ ਥਾਣਿਆਂ ਵਿੱਚ ਡੱਕਣ ਦੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ਸਖ਼ਤ ਨਿਖੇਧੀ ਕੀਤੀ ਹੈ। ਬੇਰੁਜ਼ਗਾਰ ਅਧਿਆਪਕਾਂ ਨਾਲ ਸੰਘਰਸ਼ੀ ਇਕਜੁੱਟਤਾ ਪ੍ਰਗਟ ਕਰਦਾ ਹੋਇਆਂ, ਡੈਮੋਕਰੈਟਿਕ ਟੀਚਰਜ਼ ਫਰੰਟ ਨੇ 5994 ਦੀ ਅਧਿਆਪਕ ਭਰਤੀ ਪ੍ਰਕਿਰਿਆ ਪੂਰੀ ਕਰਕੇ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਇਹ ਬੇਰੁਜ਼ਗਾਰ ਪਿਛਲੇ ਲੰਬੇ ਸਮੇਂ ਤੋਂ 5994 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਪੂਰੀ ਕਰਵਾ ਕੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ।
ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਦੇ ਲਗਭਗ 450 ਸਕੂਲ ਬਿਨਾਂ ਅਧਿਆਪਕਾਂ ਤੋਂ ਚੱਲ ਰਹੇ ਅਤੇ ਸੈਂਕੜੇ ਹੀ ਪ੍ਰਾਇਮਰੀ ਸਕੂਲਾਂ ਵਿਚ ਇੱਕ ਇੱਕ ਅਧਿਆਪਕ ਹੀ ਪੜ੍ਹਾ ਰਿਹਾ ਹੈ। ਦੂਜੇ ਪਾਸੇ ਸਰਕਾਰਾਂ ਭਰਤੀ ਨੂੰ ਪੂਰਾ ਕਰਨ ਦੀ ਬਜਾਏ ਕੋਰਟ ਕੇਸਾਂ ਵਿਚ ਉਲਝਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਰਕਾਰੀ ਸਕੂਲਾਂ ਵਿੱਚ ਭਰਤੀਆਂ ਦਾ ਇਸ਼ਤਿਹਾਰ ਜਾਰੀ ਕਰਨ ਅਤੇ ਭਰਤੀਆਂ ਸਮੇਂ ਸਿਰ ਨੇਪਰੇ ਚਾੜ੍ਹਣ ਨੂੰ ਲੈ ਕੇ ਨਾਂਹ ਪੱਖੀ ਰਵੱਈਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਕਾਨੂੰਨੀ ਉਲਝਣਾਂ ਬਹਾਨੇ ਅਧਿਆਪਕਾਂ ਦੀ ਭਰਤੀ ਪੂਰਾ ਨਾ ਕਰਨਾ, ਵਿਸ਼ੇਸ਼ ਕਰਕੇ ਪਿਛਲੇ ਸਾਲਾਂ ਦੌਰਾਨ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਦੀ ਇੱਕ ਵੀ ਭਰਤੀ ਨੂੰ ਪੂਰਾ ਨਾ ਕਰਨ ਪਿੱਛੇ, ਮੋਦੀ ਸਰਕਾਰ ਦੀ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨਵੀਂ ਸਿੱਖਿਆ ਨੀਤੀ-2020 ਤਹਿਤ ਪ੍ਰਾਇਮਰੀ ਕਾਡਰ/ਸਕੂਲਾਂ ਨੂੰ ਖਤਮ ਕਰਕੇ ਕੰਪਲੈਕਸ ਸਕੂਲ ਏਜੰਡੇ ਵੱਲ ਤੇਜ਼ੀ ਨਾਲ ਵਧਣ ਦੀ ਨੀਤੀ ਜ਼ਿੰਮੇਵਾਰ ਹੈ। ਜਿਸ ਖਿਲਾਫ ਸਮੂਹ ਸੰਘਰਸ਼ੀ ਲੋਕਾਂ ਨੂੰ ਲੰਬੀ ਅਤੇ ਸਾਂਝੀ ਜੱਦੋ ਜਹਿਦ ਉਸਾਰਨ ਲਈ ਤਿਆਰ ਹੋਣਾ ਚਾਹੀਦਾ ਹੈ।
ਡੀਟੀਐੱਫ ਪੰਜਾਬ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਪ੍ਰਾਇਮਰੀ ਨਾਲ ਸਬੰਧਿਤ ਈ.ਟੀ.ਟੀ. ਦੀਆਂ 5994 ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਇਹਨਾਂ ਅਧਿਆਪਕਾਂ ਵੱਲੋਂ ਸਵਾ ਮਹੀਨੇ ਤੋਂ ਵਧੇਰੇ ਦਿਨਾਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਗੰਭੀਰਪੁਰ ਰਿਹਾਇਸ਼ ਨੇੜੇ ਪੱਕਾ ਧਰਨਾ ਲਗਾਇਆ ਹੋਇਆ ਹੈ, ਪ੍ਰੰਤੂ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਅਤੇ ਬਹੁਤ ਸਾਰੇ ਪ੍ਰਾਇਮਰੀ ਸਕੂਲ ਸਿੰਗਲ ਟੀਚਰ ਹੋਣ ਦੇ ਬਾਵਜੂਦ ਇਸ ਭਰਤੀ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਦੇ ਖੇਤਰ ਨੂੰ ਕਾਗ਼ਜ਼ੀ ਇਸ਼ਤਿਹਾਰ ਰਾਹੀਂ ਸੁਧਾਰਨ ਦੀ ਬਜਾਏ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵੇ ਅਤੇ ਸਰਕਾਰ ਦੋਗਲੀ ਨੀਤੀ ਛੱਡ ਕੇ ਈਟੀਟੀ ਟੈੱਟ ਪਾਸ 5994 ਅਧਿਆਪਕਾਂ ਦੀ ਭਰਤੀ ਜਲਦੀ ਤੋਂ ਜਲਦੀ ਪੂਰੀ ਕਰੇ।