#PUNJAB

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਨੇ ਲਿਆ ਜਨਮ

ਮੁਹਾਲੀ,  28 ਅਪ੍ਰੈਲ (ਪੰਜਾਬ ਮੇਲ)-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਅੱਜ ਮੁਹਾਲੀ ਦੇ ਸੁਪਰ ਸਪੈਸ਼ਲਿਸਟ ਹਸਪਤਾਲ ਵਿੱਚ ਧੀ ਨੂੰ ਜਨਮ ਦਿੱਤਾ ਹੈ। ਡਾਕਟਰ ਗੁਰਪ੍ਰੀਤ ਕੌਰ ਨੂੰ ਬੀਤੇ ਦਿਨੀਂ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸ੍ਰੀ ਮਾਨ ਵੀ ਸਾਰੀ ਰਾਤ ਹਸਪਤਾਲ ਵਿੱਚ ਪਤਨੀ ਕੋਲ ਰਹੇ।

ਮੁੱਖ ਮੰਤਰੀ ਨੇ ਅੱਜ ਖ਼ੁਦ ਸੋਸ਼ਲ ਮੀਡੀਆ ‘ਤੇ ਪੋਸਟ ਅਪਲੋਡ ਕਰਕੇ ਇਹ ਜਾਣਕਾਰੀ ਜਨਤਕ ਕੀਤੀ। ਉਨ੍ਹਾਂ ਲਿਖਿਆ,‘ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ,ਜ਼ੱਚਾ-ਬੱਚਾ ਦੋਵੇਂ ਤੰਦਰੁਸਤ ਨੇ।’ ਅੱਜ ਪਰਿਵਾਰ ਦੇ ਬਾਕੀ ਜੀਆਂ ਅਤੇ ਕੁੱਝ ਨਜ਼ਦੀਕੀ ਰਿਸ਼ਤੇਦਾਰਾਂ ਨੇ ਵੀ ਹਸਪਤਾਲ ਵਿੱਚ ਪਹੁੰਚ ਕੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਇਸ ਸਾਲ 26 ਜਨਵਰੀ ਨੂੰ ਲੁਧਿਆਣਾ ਵਿਖੇ ਤਿਰੰਗਾ ਲਹਿਰਾਉਣ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਆਪਣੇ ਸੰਬੋਧਨ ਵਿੱਚ ਡਾਕਟਰ ਗੁਰਪ੍ਰੀਤ ਕੌਰ ਦੇ ਗਰਭਵਤੀ ਹੋਣ ਬਾਰੇ ਜਨਤਕ ਤੌਰ ’ਤੇ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਆਮ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਧੀਆਂ ਨੂੰ ਕੁੱਖ ‘ਚ ਨਹੀਂ ਮਾਰਨਾ ਚਾਹੀਦਾ। ਉਧਰ ਕਈ ਅਲੋਚਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੀ ਜੰਮਣ ਦੀ ਵਧਾਈ ਦਿੰਦੇ ਹੋਏ ਨਵਜੰਮੀ ਬੱਚੀ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਪਰ ਨਾਲ ਹੀ ਤਾਹਨੇ ਮਿਹਣੇ ਵੀ ਦਿੱਤੇ ਕਿ ਡਿਲਿਵਰੀ ਲਈ ਮੁਹਾਲੀ ਦੇ ਫੋਰਟਿਸ ਹਸਪਤਾਲ ਨੂੰ ਹੀ ਕਿਉਂ ਚੁਣਿਆ ਗਿਆ?