#PUNJAB

ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ 8736 ਕੱਚੇ ਅਧਿਆਪਕਾਂ ਤੇ ਪੁਲਸ ਵਿਚਕਾਰ ਖਿੱਚ-ਧੂਹ ਤੇ ਧੱਕਾ-ਮੁੱਕੀ

ਸੰਗਰੂਰ, 17 ਨਵੰਬਰ, (ਦਲਜੀਤ ਕੌਰ/ਪੰਜਾਬ ਮੇਲ  –  ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਕੋਠੀ ਨੇੜੇ ਰੋਸ ਪ੍ਰਦਰਸ਼ਨ ਕਰ ਰਹੇ 8736 ਕੱਚੇ ਅਧਿਆਪਕਾਂ ਤੇ ਪੁਲਸ ਵਿਚਕਾਰ ਖਿੱਚ-ਧੂਹ ਤੇ ਧੱਕਾ-ਮੁੱਕੀ ਹੋਣ ਤੋਂ ਬਾਅਦ ਕੱਚੇ ਅਧਿਆਪਕਾਂ ਅਤੇ ਪੁਲਿਸ ਵਿਚਕਾਰ ਜੰਮ ਕੇ ਝੜਪ ਹੋਈ। ਜਿਸ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ। ਅੱਜ ਜਦੋਂ ਕੱਚੇ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਘਰ ਵੱਲ ਵਧਣ ਦਾ ਯਤਨ ਕੀਤਾ ਪਰ ਉਥੇ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਦੌਰਾਨ ਪੁਲੀਸ ਤੇ ਕੱਚੇ ਅਧਿਆਪਕਾਂ ਵਿਚਾਲੇ ਝੜਪ ਹੋ ਗਈ ਜਿਸ ਕਾਰਨ ਕਈ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ। ਇਸ ਮਗਰੋਂ ਗੁਰਲਾਲ ਸਿੰਘ ਸੂਬਾ ਪ੍ਰਧਾਨ ਆਈ ਈ ਵੀ ਯੂਨੀਅਨ, ਹਰਮੀਤ ਸਿੰਘ, ਜਸਵਿੰਦਰ ਸਿੰਘ ਬਦਰਾ ਤਿੰਨ ਅਧਿਆਪਕ ਟਾਵਰ ਤੇ ਚੜ੍ਹ ਗਏ ਅਤੇ ਬਾਕੀ ਅਧਿਆਪਕਾਂ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ। ਦੇਰ ਸ਼ਾਮ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਜੱਥੇਬੰਦੀ ਦੇ ਆਗੂਆਂ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ 29 ਨਵੰਬਰ ਦੀ ਮੀਟਿੰਗ ਤੈਅ ਕਰਵਾਈ। ਇਸ ਤੋਂ ਬਾਅਦ ਧਰਨਾਕਾਰੀ ਸ਼ਾਂਤ ਹੋਏ ਅਤੇ ਉਨ੍ਹਾਂ ਆਪਣੇ ਤਿੰਨ ਸਾਥੀ ਟਾਵਰ ਤੋਂ ਉਤਾਰ ਦੇ ਅਤੇ ਆਪਣਾ ਧਰਨਾ ਖ਼ਤਮ ਕਰ ਦਿੱਤਾ।
ਅਧਿਆਪਕਾਂ ਵੱਲੋਂ ਸੂਬਾ ਪੱਧਰੀ ਐਕਸ਼ਨ ਰੈਲੀ ਦਾ ਸੱਦਾ ਦਿੱਤਾ ਗਿਆ ਸੀ, ਜਿਸ ’ਚ ਅਧਿਆਪਕਾਂ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸੇ ਦੌਰਾਨ ਕੱਚੇ ਅਧਿਆਪਕਾਂ ਵੱਲੋਂ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਖੁਰਾਣਾ ਟੈਂਕੀ ਤੋਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਦਿੱਤਾ ਗਿਆ ਤਾਂ ਪੁਲਸ ਵੱਲੋਂ ਇਨ੍ਹਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ, ਜਦਕਿ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ’ਤੇ ਅੜੇ ਹੋਏ ਸਨ ਅਤੇ ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਪੁਲਸ ਵਿਚਾਲੇ ਜ਼ੋਰਦਾਰ ਧੱਕਾ-ਮੁੱਕੀ ਤੇ ਝੜਪਾਂ ਸ਼ੁਰੂ ਹੋ ਗਈਆਂ ਤੇ ਪੁਲਸ ਵੱਲੋਂ ਧਰਨਕਾਰੀਆਂ ’ਤੇ ਕਾਬੂ ਪਾਉਣ ਲਈ ਖਿੱਚਧੂਹ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਪੁਲਸ ’ਤੇ ਨਾਜਾਇਜ਼ ਲਾਠੀਚਾਰਜ ਅਤੇ ਬਦਸਲੂਕੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਖਿੱਚ-ਧੂਹ ਕਾਰਨ ਕਈ ਮਹਿਲਾ ਤੇ ਪੁਰਸ਼ ਅਧਿਆਪਕਾਂ ਦੇ ਕੱਪੜੇ ਫਟ ਗਏ ਅਤੇ ਉਨ੍ਹਾਂ ਦੀਆਂ ਚੁੰਨੀਆਂ ਅਤੇ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ ਹਨ।