#PUNJAB

ਮੁੱਖ ਮੰਤਰੀ ਪੰਜਾਬ ਵੱਲੋਂ ਉੱਘੇ ਕਲਾਕਾਰ ਸੋਭਾ ਸਿੰਘ ਦੀ ਜੀਵਨੀ ਰਿਲੀਜ਼

ਚੰਡੀਗੜ੍ਹ, 19 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ‘ਸੋਭਾ ਸਿੰਘ ਆਰਟਿਸਟ: ਲਾਈਫ ਐਂਡ ਲੀਗੇਸੀ’ ਕਿਤਾਬ ਰਿਲੀਜ਼ ਕੀਤੀ।
ਮੁੱਖ ਮੰਤਰੀ ਨੇ ਮਰਹੂਮ ਕਲਾਕਾਰ ਦੀ ਪਹਿਲੀ ਜੀਵਨੀ ਲਿਖਣ ਲਈ ਲੇਖਕ ਡਾ: ਹਿਰਦੇ ਪਾਲ ਸਿੰਘ ਨੂੰ ਕਲਾਕਾਰ ਦੀ ਬਹੁ-ਆਯਾਮੀ ਸ਼ਖ਼ਸੀਅਤ ਦਾ ਵੇਰਵਾ ਦੇਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੋਭਾ ਸਿੰਘ ਪੰਜਾਬ ਦਾ ਮਹਾਨ ਪੁੱਤਰ ਸੀ, ਜਿਨ੍ਹਾਂ ਨੇ ਧਾਰਮਿਕ ਵਿਸ਼ਿਆਂ, ਸੁਤੰਤਰਤਾ ਸੈਨਾਨੀਆਂ ਅਤੇ ਰਾਸ਼ਟਰੀ ਨਾਇਕਾਂ, ਕਬੀਲਿਆਂ ਅਤੇ ਲੈਂਡਸਕੇਪ ਆਦਿ ਵਿਸ਼ਿਆਂ ‘ਤੇ ਆਪਣੀਆਂ ਸ਼ਾਨਦਾਰ ਪੇਂਟਿੰਗਾਂ ਰਾਹੀਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਰਾਸ਼ਟਰ ਦਾ ਨਾਮ ਰੌਸ਼ਨ ਕੀਤਾ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਨਵੀਂ ਪੁਸਤਕ ਪ੍ਰਸ਼ੰਸਕਾਂ ਅਤੇ ਪੈਰੋਕਾਰਾਂ ਨੂੰ ਬਹੁਤ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰੇਗੀ ਅਤੇ ਖੋਜਕਰਤਾਵਾਂ, ਕਲਾ ਦੇ ਵਿਦਿਆਰਥੀਆਂ, ਜਾਣਕਾਰਾਂ ਅਤੇ ਸੰਤ-ਕਲਾਕਾਰ ਬਾਰੇ ਹੋਰ ਜਾਣਨ ਦੀ ਇੱਛਾ ਰੱਖਣ ਵਾਲੇ ਆਮ ਲੋਕਾਂ ਲਈ ਬਹੁਤ ਲਾਹੇਵੰਦ ਹੋਵੇਗੀ।
29 ਨਵੰਬਰ, 1901 ਨੂੰ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਵਿਖੇ ਜਨਮੇ ਇਸ ਕਲਾਕਾਰ ਨੇ ਕਾਂਗੜਾ ਘਾਟੀ ਦੇ ਕਲਾ ਪਿੰਡ ਅੰਦਰੇਟਾ ਵਿਖੇ 1947 ਤੋਂ 1986 ਤੱਕ ਰਚਨਾਤਮਕਤਾ ਦੇ ਚਾਰ ਦਹਾਕੇ ਬਿਤਾਏ। ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ‘ਪਦਮ ਸ਼੍ਰੀ’ ਨਾਲ ਸਨਮਾਨਿਤ ਕੀਤਾ ਗਿਆ ਸੀ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਉਨ੍ਹਾਂ ਦੇ 75ਵੇਂ ਜਨਮ ਦਿਨ ਦੀ ਯਾਦ ਵਿਚ ਇੱਕ ਦਸਤਾਵੇਜ਼ੀ ਫਿਲਮ, ‘ਪੇਂਟਰ ਆਫ਼ ਪੀਪਲ’ ਰਿਲੀਜ਼ ਕੀਤੀ। ਬੀ.ਬੀ.ਸੀ., ਲੰਡਨ ਨੇ ਵੀ ਉਨ੍ਹਾਂ ‘ਤੇ ਡਾਕੂਮੈਂਟਰੀ ਬਣਾਈ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਡੀ.ਲਿਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਦੀ ਜਨਮ ਸ਼ਤਾਬਦੀ ਦੌਰਾਨ, ਭਾਰਤ ਸਰਕਾਰ ਨੇ ਉਨ੍ਹਾਂ ‘ਤੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ।
ਲੋਕਾਂ ਦੇ ਇਸ ਹਰਮਨ ਪਿਆਰੇ ਚਿੱਤਰਕਾਰ ਦਾ 22 ਅਗਸਤ, 1986 ਨੂੰ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ ਸੀ। ਪੰਜਾਬ ਭਵਨ ਵਿਖੇ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਲੇਖਕ ਡਾ: ਹਿਰਦੇ ਪਾਲ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਕਮਲਜੀਤ ਕੌਰ, ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸਲਾਹਕਾਰ ਸ਼੍ਰੀ ਰਾਮ ਸੁਭਾਗ ਸਿੰਘ ਅਤੇ ਉੱਘੇ ਚਿੱਤਰਕਾਰ ਆਰ.ਐੱਮ. ਸਿੰਘ ਵੀ ਹਾਜ਼ਰ ਸਨ।