#INDIA

ਮੁੱਖ ਮੰਤਰੀ ਕੇਜਰੀਵਾਲ ਨੂੰ ਨਹੀਂ ਮਿਲ ਸਕੇ ਸੰਜੇ ਸਿੰਘ ਤੇ ਭਗਵੰਤ ਮਾਨ

– ਜੇਲ੍ਹ ਪ੍ਰਸ਼ਾਸਨ ਤੋਂ ਨਹੀਂ ਮਿਲੀ ਇਜਾਜ਼ਤ
– ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ
ਨਵੀਂ ਦਿੱਲੀ, 10 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਜੇਲ੍ਹ ‘ਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਨਹੀਂ ਕਰ ਸਕੇ। ‘ਆਪ’ ਨੇ ਕਿਹਾ ਕਿ ਤਿਹਾੜ ਜੇਲ੍ਹ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ। ਹੁਣ ਤਿਹਾੜ ਜੇਲ੍ਹ ਪ੍ਰਸ਼ਾਸਨ ਮੁਲਾਕਾਤ ਦੀ ਨਵੀਂ ਤਰੀਕ ਬਾਰੇ ਜਾਣਕਾਰੀ ਦੇਵੇਗਾ।
ਸੂਤਰਾਂ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਪੱਤਰ ਮਿਲਿਆ ਸੀ। ਇਸ ਤੋਂ ਬਾਅਦ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਬੁੱਧਵਾਰ ਨੂੰ ਸੰਜੇ ਸਿੰਘ ਅਤੇ ਭਗਵੰਤ ਮਾਨ ਜੇਲ੍ਹ ‘ਚ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।
ਜੇਲ੍ਹ ਨਾਲ ਸਬੰਧਤ ਸੂਤਰਾਂ ਨੇ ਦੱਸਿਆ ਕਿ ਤਿਹਾੜ ਦੇ ਡੀ.ਆਈ.ਜੀ. ਪੱਤਰ ਦਾ ਜਵਾਬ ਦੇਣਗੇ। ਡੀ.ਆਈ.ਜੀ. ਦਾ ਜਵਾਬ ਸੁਰੱਖਿਆ ਜਾਣਕਾਰੀ ਪ੍ਰਦਾਨ ਕਰੇਗਾ ਤੇ ਮੀਟਿੰਗ ਲਈ ਕੁਝ ਤਰੀਕਾਂ ਦਾ ਸੁਝਾਅ ਦੇਵੇਗਾ। ਜੇਕਰ ਸੰਜੇ ਸਿੰਘ ਤੇ ਸੀ.ਐੱਮ. ਭਗਵੰਤ ਮਾਨ ਚਾਹੁਣ ਤਾਂ ਉਹ ਉਨ੍ਹਾਂ ਤਰੀਕਾਂ ਨੂੰ ਸੀ.ਐੱਮ. ਕੇਜਰੀਵਾਲ ਨੂੰ ਮਿਲ ਸਕਦੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੀ.ਐੱਮ. ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਤਿਹਾੜ ਜੇਲ੍ਹ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਦੇ ਪੀ.ਏ. ਵਿਭਵ ਕੁਮਾਰ ਵੀ ਉਨ੍ਹਾਂ ਦੇ ਨਾਲ ਰਹੇ। ਸੀ.ਐੱਮ. ਕੇਜਰੀਵਾਲ ਤਿਹਾੜ ਜੇਲ੍ਹ ਨੰਬਰ 5 ਵਿਚ ਬੰਦ ਹਨ।
ਅਰਵਿੰਦ ਕੇਜਰੀਵਾਲ ਜਦੋਂ ਤਿਹਾੜ ਗਏ ਸਨ, ਤਾਂ ਉਨ੍ਹਾਂ ਨੇ ਜੇਲ੍ਹ ‘ਚ ਮੁਲਾਕਾਤ ਕਰਨ ਵਾਲਿਆਂ ‘ਚ ਆਪਣੀ ਪਤਨੀ ਸੁਨੀਤਾ ਕੇਜਰੀਵਾਲ, ਦੋਵੇਂ ਬੱਚਿਆਂ, ‘ਆਪ’ ਆਗੂ ਸੰਦੀਪ ਪਾਠਕ ਤੇ ਉਨ੍ਹਾਂ ਦੇ ਨਿੱਜੀ ਸਕੱਤਰ ਦੇ ਨਾਂ ਲਿਖੇ ਸਨ। ਹੁਣ ਇਸ ਸੂਚੀ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।