#INDIA

ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਬਿੱਲ ’ਤੇ ਰਾਸ਼ਟਰਪਤੀ ਦੀ ਮੋਹਰ

ਨਵੀਂ ਦਿੱਲੀ, 30 ਦਸੰਬਰ (ਪੰਜਾਬ ਮੇਲ)- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਅਤੇ ਦੋ ਹੋਰ ਚੋਣ ਕਮਿਸ਼ਨਰਾਂ (ਈਸੀ) ਦੀ ਨਿਯੁਕਤੀ ਨਾਲ ਸਬੰਧਤ ਇੱਕ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਜਾਰੀ ਇੱਕ ਸਰਕਾਰੀ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੀ ਸਮਾਪਤੀ ਮਗਰੋਂ ਅੱਜ ਦੋਵਾਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਹੈ। ‘ਮੁੱਖ ਚੋਣ ਕਮਿਸ਼ਨਰ ਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸੇਵਾ ਸ਼ਰਤਾਂ ਅਤੇ ਸੇਵਾ ਮਿਆਦ) ਬਿੱਲ, 2023’ ਵਿੱਚ ਸੀਈਸੀ ਜਾਂ ਈਸੀ ਦੀ ਨਿਯੁਕਤੀ ਦੇ ਲਿਹਾਜ਼ ਨਾਲ ਚੋਣ ਕਮੇਟੀ ’ਤੇ ਵਿਚਾਰ ਕਰਨ ਦੀ ਪ੍ਰਕਿਰਿਆ ਲਈ ‘ਖੋਜ ਕਮੇਟੀ’ ਬਣਾਉਣ ਦੀ ਤਜਵੀਜ਼ ਹੈ ਜਿਸ ਦੀ ਪ੍ਰਧਾਨਗੀ ਕਾਨੂੰਨ ਮੰਤਰੀ ਕਰਨਗੇ। ਰਾਸ਼ਟਰਪਤੀ ਨੇ ਪ੍ਰੈੱਸ ਤੇ ਪੱਤ੍ਰਿਕਾ ਰਜਿਸਟਰੇਸ਼ਨ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ 1987 ਦੇ ਉਸ ਕਾਨੂੰਨ ਦੀ ਥਾਂ ਲਵੇਗਾ ਜੋ ਬਰਤਾਨਵੀ ਕਾਲ ’ਚ ਹੋਂਦ ਵਿੱਚ ਆਇਆ ਸੀ। ਰਾਸ਼ਟਰਪਤੀ ਨੇ ਨਾਲ ਕੇਂਦਰੀ ਵਸਤਾਂ ਤੇ ਸੇਵਾਵਾਂ ਟੈਕਸ (ਦੂਜੀ ਸੋਧ) ਬਿੱਲ, 2023 ਅਤੇ ਪ੍ਰੋਵਿਜ਼ਨਲ ਕੁਲੈਕਸ਼ਨ ਆਫ ਟੈਕਸਿਸ ਬਿੱਲ, 2023 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਰਾਸ਼ਟਰਪਤੀ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੀ ਸਮਾਪਤੀ ਮਗਰੋਂ ਦੋਵਾਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਹੈ।