#PUNJAB

ਮੁਹਾਲੀ: ਰੇਲਵੇ ਪਟੜੀ ਤੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ

ਮੁਹਾਲੀ, 8 ਜਨਵਰੀ  (ਪੰਜਾਬ ਮੇਲ)- ਇਥੋਂ ਲੰਘਦੀ ਰੇਲਵੇ ਲਾਈਨ ਉੱਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਦੋਵੇਂ ਨੌਜਵਾਨਾਂ ਦੇ ਸਿਰ ਧੜ ਤੋਂ ਵੱਖ ਸਨ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਅਤੇ ਰੇਲਵੇ ਪੁਲੀਸ ਦੇ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਇਹ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਰੇਲਵੇ ਲਾਈਨ ਉੱਤੇ ਸੁੱਟ ਦਿੱਤਾ ਗਿਆ ਹੋਵੇ, ਕਿਉਂਕਿ ਨੇੜਿਓਂ ਲੰਘਦੀ ਲਿੰਕ ਸੜਕ ਤੋਂ ਰੇਲਵੇ ਪਟੜੀ ਤੱਕ ਖੂਨ ਦੇ ਨਿਸ਼ਾਨ ਹਨ। ਡੀਐੱਸਪੀ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਹਾਲੇ ਤੱਕ ਨੌਜਵਾਨਾਂ ਦੀ ਪਛਾਣ ਨਹੀਂ ਹੋਈ। ਇਨ੍ਹਾਂ ਦੀ ਉਮਰ 25 ਤੋਂ 30 ਸਾਲ ਦਰਮਿਆਨ ਜਾਪਦੀ ਹੈ। ਇੱਕ ਨੌਜਵਾਨ ਦੀ ਬਾਂਹ ਉੱਤੇ ਮਹਾਂਕਾਲ ਅਤੇ ਏ ਲਿਖਿਆ ਹੋਇਆ ਹੈ। ਫੋਰੈਂਸਿਕ ਟੀਮ ਵੀ ਜਾਂਚ ਲਈ ਮੌਕੇ ’ਤੇ ਸੱਦਿਆ ਗਿਆ ਹੈ।