#PUNJAB

ਮਿੱਡੂਖੇੜਾ ਕਤਲ ਕਾਂਡ : ਮੋਹਾਲੀ ਅਦਾਲਤ ਵੱਲੋਂ ਤਿੰਨ ਗੈਂਗਸਟਰਾਂ ਨੂੰ ਉਮਰ ਕੈਦ

ਐੱਸ. ਏ. ਐੱਸ. ਨਗਰ (ਮੋਹਾਲੀ), 28 ਜਨਵਰੀ (ਪੰਜਾਬ ਮੇਲ)-ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਐੱਸ. ਓ. ਆਈ. ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਚਾਰ ਸਾਲ ਪੁਰਾਣੇ ਕਤਲ ਮਾਮਲੇ ਦਾ ਨਿਬੇੜਾ ਕਰਦਿਆਂ ਤਿੰਨ ਮੁਲਜ਼ਮਾਂ ਗੈਂਗਸਟਰ ਅਜੈ ਲੈਫ਼ਟੀ, ਸੱਜਣ ਭੋਲੂ ਅਤੇ ਅਨਿਲ ਲੱਠ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ ਦੋ-ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਨਾਮਜ਼ਦ ਬਾਕੀ ਗੈਂਗਸਟਰਾਂ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ, ਅਨਿਲ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਮੇਂ ਇਹ ਸਾਰੇ ਗੈਂਗਸਟਰ ਪਹਿਲਾਂ ਹੀ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਇਸ ਤੋਂ ਇਲਾਵਾ ਮੋਹਾਲੀ ਪੁਲਿਸ ਵੱਲੋਂ ਹੋਰ ਵੀ ਕਈ ਗੈਂਗਸਟਰਾਂ ਨੂੰ ਜੇਲ੍ਹਾਂ ‘ਚੋਂ ਪ੍ਰੋਡਕਸ਼ਨ ਵਾਰੰਟਾਂ ‘ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਗਈ ਸੀ।

ਵਿੱਕੀ ਮਿੱਡੂਖੇੜਾ ਦੀ ਫਾਈਲ ਫੋਟੋ

ਮਿੱਡੂਖੇੜਾ ਪਰਿਵਾਰ ਵੱਲੋਂ ਕੇਸ ਲੜਨ ਵਾਲੇ ਸੀਨੀਅਰ ਵਕੀਲ ਐੱਚ. ਐੱਸ. ਧਨੋਆ ਨੇ ਦੱਸਿਆ ਕਿ ਦੋਸ਼ੀਆਂ ਨੂੰ ਧਾਰਾ 302 ਵਿਚ ਉਮਰ ਕੈਦ, ਅਸਲਾ ਐਕਟ ਵਿਚ ਸੱਤ-ਸੱਤ ਸਾਲ ਅਤੇ ਧਾਰਾ 482 ਵਿਚ 1-1 ਸਾਲ ਦੀ ਕੈਦ ਤੇ ਦੋ-ਦੋ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਨਾਲ ਹੀ ਅਦਾਲਤ ਨੇ ਪੰਜਾਬ ਦੇ ਡੀਜੀਪੀ ਨੂੰ ਸਖ਼ਤ ਆਦੇਸ਼ ਦਿੱਤੇ ਹਨ ਕਿ ਇਸ ਮਾਮਲੇ ਵਿਚ ਫ਼ਰਾਰ ਚੱਲ ਰਹੇ ਪੰਜ ਮੁਲਜ਼ਮਾਂ ਗੈਂਸਗਟਰ ਗੌਰਵ ਪਟਿਆਲ, ਧਰਮਿੰਦਰ ਗੁਗਨੀ, ਸੋਮ ਵੀਰ, ਰਵਿੰਦਰ ਚੌਹਾਨ ਅਤੇ ਸ਼ਗਨਪ੍ਰੀਤ ਸਿੰਘ ਬਾਰੇ ਤਫ਼ਤੀਸ਼ ਤੇਜ਼ ਕੀਤੀ ਜਾਵੇ। ਸ਼ਗਨਪ੍ਰੀਤ ਮਰਹੂਮ ਗਾਇਕ ਸਿੱਧੂ ਮੂਸੇਵਾਲ ਦਾ ਮੈਨੇਜਰ ਰਿਹਾ ਹੈ।
ਜ਼ਿਕਰਯੋਗ ਹੈ ਕਿ 7 ਅਗਸਤ 2021 ਨੂੰ ਮੋਹਾਲੀ ਵਿਚ ਦਿਨ-ਦਿਹਾੜੇ ਨਕਾਬਪੋਸ਼ਾਂ ਨੇ ਵਿੱਕੀ ਮਿੱਡੂਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਨੂੰ ਮਾਰਨ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਸੀ। ਵਿੱਕੀ ਮਿੱਡੂਖੇੜਾ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਕਾਲਜਾਂ ਦੀਆਂ ਵਿਦਿਆਰਥੀ ਜਥੇਬੰਦੀ ਦੀਆਂ ਚੋਣਾਂ ਵਿਚ ਹਮੇਸ਼ਾ ਅਹਿਮ ਭੂਮਿਕਾ ਹੁੰਦੀ ਸੀ। ਉਹ ਅਕਾਲੀ ਦਲ ਦੀਆਂ ਗਤੀਵਿਧੀਆਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਹ ਬਹੁਤ ਹੀ ਘੱਟ ਸਮੇਂ ਵਿਚ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਵੱਡੇ ਆਗੂਆਂ ਦਾ ਚਹੇਤਾ ਬਣਾ ਗਿਆ ਸੀ।
ਵਿੱਕੀ ਮਿੱਡੂਖੇੜਾ ਦਾ ਵੱਡਾ ਭਰਾ ਅਤੇ ਸੀਨੀਅਰ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਮੁਹਾਲੀ ਅਦਾਲਤ ਦੈ ਫ਼ੈਸਲੇ ਤੋਂ ਅਸੰਤੁਸ਼ਟ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਆਖਰੀ ਦਮ ਤੱਕ ਲੜਾਈ ਜਾਰੀ ਰਹੇਗੀ। ਵਕੀਲ ਐੱਚ. ਐੱਸ. ਧਨੋਆ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਸ਼ਿਕਾਇਤਕਰਤਾ ਵੱਲੋਂ ਇਨਸਾਫ਼ ਪ੍ਰਾਪਤੀ ਲਈ ਉਪਰਲੀ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ। ਕਿਤੇ ਨਾ ਕਿਤੇ ਪੀੜਤ ਪਰਿਵਾਰ ਇਹ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਧਨੋਆ ਨੇ ਦੱਸਿਆ ਕਿ ਬਰੀ ਕੀਤੇ ਗਏ ਗੈਂਗਸਟਰਾਂ ਦੇ ਮਾਮਲੇ ਵਿਚ ਵੀ ਉਪਰਲੀ ਅਦਾਲਤ ‘ਚ ਚੁਣੌਤੀ ਦਿੱਤੀ ਜਾਵੇਗੀ।