#AMERICA

ਮਿਨੀਸੋਟਾ ਰਾਜ ‘ਚ ਸਟੇਟ ਸੈਨੇਟਰ ਵਿਰੁੱਧ ਪਹਿਲਾ ਦਰਜਾ ਸ਼ੱਕੀ ਚੋਰੀ ਦੇ ਅਪਰਾਧ ਤਹਿਤ ਮਾਮਲਾ ਦਰਜ

ਸੈਕਰਾਮੈਂਟੋ, 1 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਮਿਨੀਸੋਟਾ ਰਾਜ ਵਿਚ ਇਕ ਸਟੇਟ ਸੈਨੇਟਰ ਵਿਰੁੱਧ ਆਪਣੀ ਮਤਰੇਈ ਮਾਂ ਦੇ ਘਰ ਵਿਚ ਸੰਨ੍ਹ ਲਾ ਕੇ ਅੰਦਰ ਵੜਨ ਤੇ ਸ਼ੱਕੀ ਚੋਰੀ ਦੇ ਅਪਰਾਧ ਤਹਿਤ ਮਾਮਲਾ ਦਰਜ ਹੋਣ ਦੀ ਖਬਰ ਹੈ। ਡੈਟਰਾਇਟ ਲੇਕਸ ਖੇਤਰ ਵਿਚ ਪੁਲਿਸ ਮੌਕੇ ਉਪਰ ਪੁੱਜੀ, ਤਾਂ ਸਟੇਟ ਸੈਨੇਟਰ ਨਿਕੋਲ ਮਿਸ਼ੈਲ ਘਰ ਦੇ ਤਹਿਖਾਨੇ ਵਿਚ ਸੀ। ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ ਤੇ ਕਾਲਾ ਟੋਪ ਲਿਆ ਹੋਇਆ ਸੀ। ਗ੍ਰਿਫਤਾਰ ਕਰ ਲੈਣ ਉਪਰੰਤ 49 ਸਾਲਾ ਮਿਸ਼ੈਲ ਨੇ ਕਿਹਾ ਕਿ ਉਹ ਆਪਣੇ ਪਿਤਾ ਦੀਆਂ ਕੁਝ ਵਸਤਾਂ ਲੈਣ ਆਈ ਸੀ, ਜਿਨ੍ਹਾਂ ਨਾਲ ਮੇਰਾ ਜਜ਼ਬਾਤੀ ਲਗਾਅ ਹੈ। ਉਸ ਨੇ ਪੁਲਿਸ ਅਫਸਰਾਂ ਨੂੰ ਕਿਹਾ ਕਿ ਸਪੱਸ਼ਟ ਤੌਰ ‘ਤੇ ਇਸ ਸਮੇਂ ਉਹ ਚੰਗਾ ਅਨੁਭਵ ਨਹੀਂ ਕਰ ਰਹੀ, ਉਹ ਜਾਣਦੀ ਹੈ ਉਸ ਨੇ ਕੁਝ ਮਾੜਾ ਕੀਤਾ ਹੈ ਪਰੰਤੂ ਹਾਲ ਹੀ ਵਿਚ ਉਸ ਦੇ ਪਿਤਾ ਦੀ ਹੋਈ ਮੌਤ ਤੋਂ ਬਾਅਦ ਮਤਰੇਈ ਮਾਂ ਨੇ ਮੇਰੇ ਤੇ ਮੇਰੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ ਸੀ ਤੇ ਉਸ ਨੇ ਬੋਲਣਾ ਚੱਲਣਾ ਬੰਦ ਕਰ ਦਿੱਤਾ ਸੀ। ਮੈਂ ਕੁਝ ਤਸਵੀਰਾਂ ਤੇ ਪਿਤਾ ਦੀਆਂ ਅਸਥੀਆਂ ਲੈਣ ਆਈ ਸੀ, ਜਿਨ੍ਹਾਂ ਨਾਲ ਮੇਰੀ ਜਜ਼ਬਾਤੀ ਸਾਂਝ ਹੈ। ਮਿਸ਼ੈਲ ਨੂੰ ਬਿਨਾਂ ਬਾਂਡ ਦੇ ਰਿਹਾਅ ਕਰ ਦਿੱਤਾ ਗਿਆ। ਉਸ ਉਪਰ ਹੋਰ ਸ਼ਰਤਾਂ ਤੋਂ ਇਲਾਵਾ ਇਕ ਸ਼ਰਤ ਇਹ ਲਾਈ ਗਈ ਹੈ ਕਿ ਉਹ ਮਤਰੇਈ ਮਾਂ ਨਾਲ ਕੋਈ ਸੰਪਰਕ ਨਹੀਂ ਕਰੇਗੀ। ਮਿਨੀਸੋਟਾ ਕੋਰਟ ਰਿਕਾਰਡ ਅਨੁਸਾਰ ਉਸ ਵਿਰੁੱਧ ਮਾਮਲੇ ਦੀ ਸੁਣਵਾਈ 10 ਜੂਨ ਨੂੰ ਹੋਵੇਗੀ।