ਰੋਕਾ ਤੋੜਦੇ ਹੋਏ ਵਰਕਰਾਂ ਨੇ ਅੱਗੇ ਵਧ ਕੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਕੀਤਾ ਜ਼ੋਰਦਾਰ ਰੋਸ਼ ਪ੍ਰਦਰਸਨ
ਮਾਣਭੱਤਾ ਵਰਕਰਜ਼ ਸਾਂਝਾ ਮੋਰਚਾ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੰਗਰੂਰ ਵਿਖੇ ਵਿਸ਼ਾਲ ਸੂਬਾਈ ਰੈਲੀ
ਪੰਜਾਬ ਸਰਕਾਰ ਉੱਪਰ ਲਾਰੇ ਲਗਾਉਣ ਦਾ ਲਗਾਇਆ ਦੋਸ਼
ਸੰਗਰੂਰ, 19 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)- ‘ਮਾਣਭੱਤਾ ਵਰਕਰਜ਼ ਸਾਂਝਾ ਮੋਰਚਾ’ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਪੰਜਾਬ ਭਰ ਵਿੱਚੋਂ ਪੁੱਜੀਆਂ ਮਿਡ ਡੇ ਮੀਲ ਵਰਕਰਾਂ ਤੇ ਆਸ਼ਾ ਵਰਕਰਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਧੱਕਾਮੁੱਕੀ ਹੋਈ। ਅੱਜ ਸਵੇਰੇ ਤੋਂ ਹੀ ‘ਮਾਣਭੱਤਾ ਵਰਕਰਜ਼ ਸਾਂਝਾ ਮੋਰਚਾ’ ਦੀ ਅਗਵਾਈ ਹੇਠ ਪੰਜਾਬ ਭਰ ਵਿੱਚੋਂ ਸਥਾਨਕ ਵੇਰਕਾ ਮਿਲਕ ਪਲਾਂਟ ਵਿੱਚ ਇੱਕਤਰ ਹੋਈਆਂ ਮਾਣਭੱਤਾ ਮਿਡ ਡੇ ਮੀਲ ਵਰਕਰਾਂ ਅਤੇ ਅਤੇ ਆਸਾ ਵਰਕਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਗਈ। ਇਸ ਮੌਕੇ ਸੂਬਾਈ ਆਗੂਆਂ ਲਖਵਿੰਦਰ ਕੌਰ ਕਮੇਆਣਾ ਅਤੇ ਮਨਦੀਪ ਕੌਰ ਬਿਲਗਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਗਿਆ। ਮੁੱਖ ਮੰਤਰੀ ਦੀ ਕੋਠੀ ਲਾਗੇ ਧਰਨਾਕਾਰੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਧੱਕਾਮੁੱਕੀ ਹੋਈ੍ਰ ਅਤੇ ਪ੍ਰਸ਼ਾਸਨ ਵੱਲੋਂ ਸੜਕਾਂ ਉੱਪਰ ਲਗਾਈਆਂ ਗਈਆਂ ਰੋਕਾਂ ਨੂੰ ਤੋੜਦੇ ਹੋਏ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਵਾਜ਼ੇ ਅੱਗੇ ਜਾ ਕੇ ਸਰਕਾਰ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਮਮਤਾ ਸ਼ਰਮਾ, ਪਰਮਜੀਤ ਕੌਰ ਮਾਨ ਅਤੇ ਫੈਡਰੇਸ਼ਨ ਦੇ ਆਗੂ ਜਰਮਨਜੀਤ ਸਿੰਘ, ਹਰਦੀਪ ਟੋਡਰਪੁਰ ਅਤੇ ਹਰਿੰਦਰ ਦੁਸਾਂਝ ਨੇ ਕਿਹਾ ਕਿ ਮਾਣਭੱਤਾ ਮੁਲਾਜ਼ਮਾਂ ਨੂੰ ਪੱਕੇ ਕਰਾਉਣ, ਮਾਣਭੱਤਾ ਮੁਲਾਜ਼ਮਾਂ ਉੱਪਰ ਘੱਟੋ-ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕਰਵਾਉਣ, ਸਿਹਤ ਬੀਮਾ ਅਤੇ ਜੀਵਨ ਬੀਮਾ ਲਾਗੂ ਕਰਾਉਣ, ਰੈਗੂਲਰ ਮੁਲਾਜ਼ਮਾਂ ਵਾਂਗ ਛੁੱਟੀਆਂ ਲਾਗੂ ਕਰਵਾਉਣ, ਵਰਦੀਆਂ ਲਾਗੂ ਕਰਾਉਣ, ਵਰਦੀਆਂ ਲਈ ਵੱਖਰਾ ਫੰਡ ਜਾਰੀ ਕਰਾਉਣ ਆਦਿ ਸਮੇਤ ਮਾਣਭੱਤਾ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਮਨਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਪਹੁੰਚੀਆਂ ਸਨ। ਉੱਥੇ ਉਨ੍ਹਾਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਪ੍ਰਸ਼ਾਸਨ ਵੱਲੋਂ ਸੜਕਾਂ ਉੱਪਰ ਲਗਾਈਆਂ ਗਈਆਂ ਰੋਕਾਂ ਨੂੰ ਤੋੜਦੇ ਅੱਗੇ ਵਧੇ ਜਿੱਥੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ।
ਇਸ ਮੌਕੇ ਵੱਖ-ਵੱਖ ਬੁਲਾਰਿਆ, ਪ੍ਰਵੀਨ ਕੁਮਾਰੀ, ਸਰਬਜੀਤ ਕੌਰ ਮਚਾਕੀ, ਹਰਪਾਲ ਕੌਰ, ਵੀਨਾ ਘੱਗਾ ਰਮਨਜੀਤ ਸਿੰਘ ਸੰਧੂ, ਸੁਖਵਿੰਦਰ ਲੀਲ੍ਹ, ਗੁਰਜੀਤ ਘੱਗਾ, ਗੁਰਿੰਦਰਜੀਤ ਸਿੰਘ, ਗੁਰਮੁਖ ਸਿੰਘ ਲੋਕਪ੍ਰੇਮੀ, ਨੇ ਸਰਕਾਰ ਤੋਂ ਉਹਨਾਂ ਦੀਆਂ ਮੰਗਾਂ ਨੂੰ ਮੰਨਣ ਦੀ ਮੰਗ ਕੀਤੀ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਤੇਜ ਕੀਤੇ ਜਾਣ ਵਾਲੇ ਸੰਘਰਸ਼ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਗੁਰਜੀਤ ਕੌਰ ਸ਼ਾਹਕੋਟ, ਕੁਲਵਿੰਦਰ ਕੌਰ ਫਗਵਾੜਾ, ਸੁਖਵੀਰ ਕੌਰ ਫਗਵਾੜਾ, ਕੁਲਵਿੰਦਰ ਕੌਰ, ਜਲੰਧਰ, ਪਿੰਕੀ, ਰੁਪਿੰਦਰ ਕੌਰ ਫਰੀਦਕੋਟ, ਮਨਪ੍ਰੀਤ ਕੌਰ ਲੁਧਿਆਣਾ, ਗੁਰਪ੍ਰੀਤ ਕੌਰ ਬਠਿੰਡਾ, ਰਜਨੀ ਘਰੋਟਾ, ਕਰਮਜੀਤ ਕੌਰ ਮੁਕਤਸਰ, ਗੁਰਮਿੰਦਰ ਕੌਰ ਗੁਰਦਾਸਪੁਰ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ।