#OTHERS

ਮਿਆਂਮਾਰ ‘ਚ ਭੂਚਾਲ ਨਾਲ ਕਈ ਹਜ਼ਾਰ ਲੋਕਾਂ ਦੇ ਮਰਨ ਦਾ ਖਦਸ਼ਾ

ਯੂਨਾਈਟਿਡ ਸਟੇਟ ਜਿਓਲੌਜੀਕਲ ਸਰਵੇ ਦੀ ਰਿਪੋਰਟ ਵੱਲੋਂ ਦਾਅਵਾ
ਅੱਜ ਮੁੜ 5.1 ਤੀਬਰਤਾ ਵਾਲਾ ਆਇਆ ਭੂਚਾਲ; ਮਰਨ ਵਾਲਿਆਂ ਦੀ ਗਿਣਤੀ 1644 ਹੋਈ
ਮਿਆਂਮਾਰ, 29 ਮਾਰਚ (ਪੰਜਾਬ ਮੇਲ)- ਮਿਆਂਮਾਰ ਵਿਚ ਬੀਤੇ ਦਿਨ ਆਏ 7.7 ਤੀਬਰਤਾ ਵਾਲੇ ਭੂਚਾਲ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1644 ਹੋ ਗਈ ਹੈ। ਇਸ ਤੋਂ ਇਲਾਵਾ 3,400 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਦੂਜੇ ਪਾਸੇ ਯੂਨਾਈਟਿਡ ਸਟੇਟ ਜਿਓਲੌਜੀਕਲ ਸਰਵੇ (ਯੂ.ਐੱਸ.ਜੀ.ਐੱਸ.) ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਤੋਂ ਵੱਧ ਸਕਦੀ ਹੈ। ਭੂਚਾਲ ਦੇ ਝਟਕੇ ਥਾਈਲੈਂਡ, ਬੰਗਲਾਦੇਸ਼, ਚੀਨ ਅਤੇ ਭਾਰਤ ਤੱਕ ਮਹਿਸੂਸ ਕੀਤੇ ਗਏ ਸਨ। ਮਿਆਂਮਾਰ ਵਿਚ ਅੱਜ ਮੁੜ 5.1 ਤੀਬਰਤਾ ਵਾਲਾ ਭੂਚਾਲ ਆਇਆ। ਇੱਥੇ ਦੋ ਦਿਨਾਂ ਵਿਚ ਪੰਜ ਤੋਂ ਜ਼ਿਆਦਾ ਵਾਰ ਭੂਚਾਲ ਦੇ ਝਟਕੇ ਆ ਚੁੱਕੇ ਹਨ। ਰਾਇਟਰਜ਼ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ 1600 ਤੋਂ ਵੱਧ ਚੁੱਕੀ ਹੈ।
ਦੋਵਾਂ ਦੇਸ਼ਾਂ ਦੀ ਹਾਲਤ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਵੀ ਉਨ੍ਹਾਂ ਲਈ ਮਦਦ ਦਾ ਹੱਥ ਵਧਾਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ‘ਤੇ ਦੁੱਖ ਜਤਾਉਂਦਿਆਂ ਕਿਹਾ ਕਿ ਭਾਰਤ ਇਨ੍ਹਾਂ ਦੋਵਾਂ ਦੇਸ਼ਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਇਸ ਦੌਰਾਨ ਭਾਰਤ ਨੇ ਮਿਆਂਮਾਰ ਨੂੰ 15 ਟਨ ਰਾਹਤ ਸਮੱਗਰੀ ਵੀ ਭੇਜ ਦਿੱਤੀ ਹੈ।