ਦਲਿਤਾਂ ਨੇ 13 ਜ਼ਿਲਿਆਂ ‘ਚ 2 ਦਰਜਨ ਤੋਂ ਵੱਧ ਥਾਵਾਂ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਐੱਸ ਐੱਸ ਪੀ ਸੰਗਰੂਰ ਦੇ ਪੁਤਲੇ ਫੂਕੇ
ਚੰਡੀਗੜ੍ਹ/ਜਲੰਧਰ, 4 ਦਸੰਬਰ (ਦਲਜੀਤ ਕੌਰ/ਪੰਜਾਬ ਮੇਲ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅੱਜ ਸਵੇਰੇ ਤੜਕਸਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੇਂਡੂ ਧਨਾਢਾਂ ਤੇ ਅਫ਼ਸਰਸ਼ਾਹੀ ਦੇ ਗੱਠਜੋੜ ਦੀ ਸਹਿ ‘ਤੇ ਦਲਿਤ ਮਜ਼ਦੂਰਾਂ ਦਾ ਨਜ਼ੂਲ ਜ਼ਮੀਨ ਦਾ ਹੱਕ ਖੋਹਣ ਲਈ ਪੰਜਾਬ ਪੁਲਿਸ ਦੀ ਵੱਡੀ ਨਫਰੀ ਵਲੋਂ ਸਾਦੀਹਰੀ (ਸੰਗਰੂਰ) ਦੇ ਦਲਿਤਾਂ ਦੇ ਘਰਾਂ ਉੱਤੇ ਹਮਲਾ ਕਰਨ, ਔਰਤਾਂ ਨਾਲ ਬਦਸਲੂਕੀ ਕਰਨ, ਸਮਾਨ,ਵਹੀਕਲਾਂ ਦੀ ਭੰਨਤੋੜ ਕਰਨ ਤੇ ਜ਼ਬਤ ਕਰਨ ਅਤੇ 25 ਦਲਿਤਾਂ ਨੂੰ ਗ੍ਰਿਫਤਾਰ ਕਰਨ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਤੇ ਐੱਸ ਐੱਸ ਪੀ ਸੰਗਰੂਰ ਦੀਆ ਪੰਜਾਬ ਭਰ ‘ਚ ਅੱਜ ਅਤੇ 5 ਦਸੰਬਰ ਨੂੰ ਅਰਥੀਆਂ ਸਾੜਨ ਦਾ ਸੱਦਾ ਦਿੱਤਾ ਹੈ। ਜਿਸ ਤਹਿਤ ਅੱਜ 13 ਜ਼ਿਲਿਆਂ ਵਿੱਚ 2 ਦਰਜਨ ਤੋਂ ਵੱਧ ਥਾਵਾਂ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਐੱਸ ਐੱਸ ਪੀ ਸੰਗਰੂਰ ਦੇ ਪੁਤਲੇ ਸਾੜੇ ਗਏ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਨਜ਼ੂਲ ਜ਼ਮੀਨ ਦਾ ਦਲਿਤ ਹੱਕ ਲੈਣ ਲਈ ਪਿੰਡ ਸਾਦੀਹਰੀ ਦਾ ਜ਼ਮੀਨੀ ਮੋਰਚਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਜਿਸ ਦਾ ਪ੍ਰਸ਼ਾਸਨ ਵਲੋਂ ਕੋਈ ਢੁੱਕਵਾਂ ਹੱਲ ਕਰਨ ਦੀ ਬਜਾਏ ਵਿੱਤ ਮੰਤਰੀ ਦੀ ਸਹਿ ਉੱਪਰ ਇਹਨਾਂ ਦਲਿਤ ਮਜ਼ਦੂਰਾਂ ਤੋਂ ਨਜ਼ੂਲ ਜ਼ਮੀਨ ਦਾ ਹੱਕ ਖੋਹ ਕੇ ਪਿੰਡ ਦੀ ਰਾਜਨੀਤਿਕ ਧੜੇਬੰਦੀ ਕਾਰਨ ਕੁੱਝ ਜਾਅਲਸਾਜ਼ੀ ਨਾਲ ਬਣੇ ਮੈਂਬਰ ਨੂੰ ਹੀ ਜ਼ਮੀਨ ਦੇਣ ਦੇ ਇਰਾਦੇ ਨਾਲ ਪਿੰਡ ਦੇ 250 ਘਰਾਂ ਦੇ ਦਲਿਤਾਂ ਨੂੰ ਜ਼ਮੀਨ ਚੋ ਡੰਡੇ ਦੇ ਜ਼ੋਰ ‘ਤੇ ਪੁਲਿਸ ਵਲੋਂ ਖਦੇੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੀ ਕੜੀ ਤਹਿਤ ਅੱਜ ਸਵੇਰੇ ਤੜਕਸਰ ਪੁਲਿਸ ਵਲੋਂ ਵੱਡੀ ਗਿਣਤੀ ‘ਚ ਹਮਲਾ ਕਰ ਦਿੱਤਾ ਗਿਆ। ਦਲਿਤਾਂ ਦੇ ਟੈਂਟ ਪੁੱਟ ਦਿੱਤੇ ਗਏ। ਔਰਤਾਂ ਨਾਲ ਬਦਸਲੂਕੀ ਕੀਤੀ ਗਈ ਤੇ ਉਹਨਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ, ਜਿਸ ਦੀ ਜਿੰਨੀਂ ਵੀ ਨਿੰਦਾ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ। ਜਥੇਬੰਦੀਆਂ ਨੇ ਸਰਕਾਰੀ ਸ਼ਹਿ ਉੱਤੇ ਕੀਤੀ ਗਈ ਪੁਲਿਸ ਕਾਰਵਾਈ ਖਿਲਾਫ਼ ਪੰਜਾਬ ਭਰ ‘ਚ ਵਿੱਤ ਮੰਤਰੀ ਹਰਪਾਲ ਚੀਮਾ ਤੇ ਐੱਸ ਐੱਸ ਪੀ ਸੰਗਰੂਰ ਦੇ ਪੁਤਲੇ ਸਾੜਨ ਦਾ ਹੋਕਾ ਦਿੱਤਾ ਅਤੇ ਨਾਲ ਹੀ ਐਲਾਨ ਕੀਤਾ ਕਿ ਪ੍ਰਸ਼ਾਸਨ ਆਪਣੀਆਂ ਦਲਿਤਾਂ ਵਿਰੋਧੀ ਹਰਕਤਾਂ ਤੋਂ ਬਾਜ ਆਵੇ ਨਹੀਂ ਤਾਂ ਐਮਰਜੈਂਸੀ ਮੀਟਿੰਗ ਕਰਕੇ ਇਸ ਦੇ ਪੱਕੇ ਹੱਲ ਦੀ ਵਿਉਂਤਬੰਦੀ ਘੜੀ ਜਾਵੇਗੀ ਅਤੇ ਇਸ ਮਸਲੇ ਨੂੰ 9, 10 ਅਤੇ 11 ਦਸੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰਾਂ ਅੱਗੇ ਲਗਾਏ ਜਾ ਰਹੇ ਤਿੰਨ ਰੋਜ਼ਾ ਜੋਨ ਪੱਧਰੀ ਮੋਰਚਿਆਂ ਵਿੱਚ ਵੀ ਉਠਾਇਆ ਜਾਵੇਗਾ।
ਕੈਪਸਨ: ਪੁਤਲਾ ਫੂਕ ਪ੍ਰਦਰਸ਼ਨ ਦੀ ਤਸਵੀਰ।