#INDIA

ਮਾਣਹਾਨੀ ਮਾਮਲਾ: ਅਦਾਲਤ ਵੱਲੋਂ ਕਾਰਕੁਨ ਮੇਧਾ ਪਾਟਕਰ ਦੋਸ਼ੀ ਕਰਾਰ

ਨਵੀਂ ਦਿੱਲੀ, 24 ਮਈ (ਪੰਜਾਬ ਮੇਲ)- ਕੌਮੀ ਰਾਜਧਾਨੀ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਇਕ ਮਾਮਲੇ ਵਿਚ ਅੱਜ ਦਿੱਲੀ ਦੀ ਇਕ ਅਦਾਲਤ ਨੇ ਸ਼ਿਕਾਇਤ ਦਰਜ ਹੋਣ ਤੋਂ 23 ਸਾਲਾਂ ਬਾਅਦ ‘ਨਰਮਦਾ ਬਚਾਓ ਅੰਦੋਲਨ’ ਦੀ ਆਗੂ ਅਤੇ ਕਾਰਕੁਨ ਮੇਧਾ ਪਾਟਕਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਦਾ ਕਹਿਣਾ ਸੀ ਕਿ ਕਿਸੇ ਦਾ ਵੱਕਾਰ ਉਸ ਦੀ ‘ਸਭ ਤੋਂ ਕੀਮਤੀ ਸੰਪਤੀ’ ਹੁੰਦੀ ਹੈ ਅਤੇ ਇਹ ਸਮਾਜ ਵਿਚ ਉਸ ਦੀ ਹੋਂਦ ਨੂੰ ਪ੍ਰਭਾਵਿਤ ਕਰਦਾ ਹੈ।
ਮੇਧਾ ਪਾਟਕਰ ਦੇ ਬਿਆਨਾਂ ਨੂੰ ‘ਅਪਮਾਨਜਨਕ’ ਅਤੇ ‘ਨਕਾਰਾਤਮਕ ਧਾਰਨਾਵਾਂ ਬਣਾਉਣ ਵਾਲਾ’ ਕਰਾਰ ਦਿੰਦਿਆਂ ਮੈਟਰੋਪੋਲੀਟਨ ਮੈਜਿਸਟਰੇਟ ਰਾਘਵ ਸ਼ਰਮਾ ਨੇ ਕਾਰਕੁਨ ਮੇਧਾ ਪਾਟਕਰ ਨੂੰ ਆਈ.ਪੀ.ਸੀ. ਅਧੀਨ ਅਪਰਾਧਿਕ ਮਾਣਹਾਨੀ ਦਾ ਦੋਸ਼ੀ ਪਾਇਆ। ਸਬੰਧਤ ਕਾਨੂੰਨ ਤਹਿਤ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ। ਸਕਸੈਨਾ ਨੇ ਨਵੰਬਰ 2000 ਵਿਚ ਇਹ ਕੇਸ ਦਾਇਰ ਕੀਤਾ ਸੀ, ਜਦੋਂ ਉਹ ਨੈਸ਼ਨਲ ਕਾਊਂਸਲ ਆਫ ਸਿਵਲ ਲਿਬਰਟੀਜ਼ ਦੇ ਮੁਖੀ ਸਨ।