ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਰਿਪਬਲਿਕਨ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਮਾਈਕ ਜਾਨਸਨ ਸ਼ੁੱਕਰਵਾਰ ਨੂੰ ਤਿੰਨ ਵੋਟਾਂ ਦੇ ਮਾਮੂਲੀ ਫਰਕ ਨਾਲ ਜਿੱਤ ਨਾਲ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਚੁਣੇ ਗਏ। ਰਿਪਬਲਿਕਨ ਪਾਰਟੀ ਕੋਲ ਸਦਨ ਵਿਚ 219 ਸੀਟਾਂ ਹਨ, ਜਦੋਂਕਿ ਡੈਮੋਕ੍ਰੇਟਿਕ ਪਾਰਟੀ ਕੋਲ 215 ਸੀਟਾਂ ਹਨ।
ਲੂਸੀਆਨਾ ਦੇ ਚੌਥੇ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ 52 ਸਾਲਾ ਜਾਨਸਨ ਨੂੰ 218 ਵੋਟਾਂ ਮਿਲੀਆਂ, ਜਦੋਂਕਿ ਡੈਮੋਕ੍ਰੇਟਿਕ ਪਾਰਟੀ ਦੇ ਹਕੀਮ ਜੈਫਰੀਜ਼ ਨੂੰ 215 ਵੋਟਾਂ ਮਿਲੀਆਂ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਨਸਨ ਨੂੰ ਸਪੀਕਰ ਦੇ ਤੌਰ ‘ਤੇ ਮੁੜ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ”ਕਾਂਗਰਸ ਵਿਚ ਬੇਮਿਸਾਲ ਭਰੋਸੇ ਦਾ ਵੋਟ ਪ੍ਰਾਪਤ ਕਰਨ ਲਈ ਸਪੀਕਰ ਮਾਈਕ ਜਾਨਸਨ ਨੂੰ ਵਧਾਈ। ਮਾਈਕ ਇਕ ਸ਼ਾਨਦਾਰ ਸਪੀਕਰ ਹੋਵੇਗਾ, ਜੋ ਸਾਡੇ ਦੇਸ਼ ਨੂੰ ਲਾਭ ਪਹੁੰਚਾਏਗਾ।”
ਚੋਣ ਜਿੱਤਣ ਤੋਂ ਬਾਅਦ ਜਾਨਸਨ ਨੇ ਕਿਹਾ, ”ਇਹ ਮੇਰੇ ਲਈ ਸਨਮਾਨ ਦੀ ਗੱਲ ਹੈ। ਇਹ ਸਾਡੇ ਇਤਿਹਾਸ ਦਾ ਅਹਿਮ ਸਮਾਂ ਹੈ।” ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ 119ਵੀਂ ਕਾਂਗਰਸ ਦੇ ਮੈਂਬਰਾਂ ਨੂੰ ਸਹੁੰ ਚੁਕਾਈ।