-ਸੱਤਿਆ ਨਡੇਲਾ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ, 11 ਦਸੰਬਰ (ਪੰਜਾਬ ਮੇਲ)- ਮਾਈਕ੍ਰੋਸਾਫਟ ਦੇ ਸੀ. ਈ. ਓ. ਸੱਤਿਆ ਨਡੇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਐਲਾਨ ਕੀਤਾ ਕਿ ਦੇਸ਼ ‘ਚ ਭਵਿੱਖ ਦੇ ਏ.ਆਈ. (ਨਕਲੀ ਬੁੱਧੀ) ਬੁਨਿਆਦੀ ਢਾਂਚੇ ਅਤੇ ਸੰਪ੍ਰਭੂ ਸਮਰੱਥਾਵਾਂ ਦੇ ਨਿਰਮਾਣ ‘ਚ ਮਦਦ ਕਰਨ ਲਈ ਭਾਰਤ ‘ਚ 17.5 ਅਰਬ ਡਾਲਰ ਦਾ ਨਿਵੇਸ਼ ਕਰੇਗੀ, ਜੋ ਕਿ ਪਿਛਲੇ ਦੋ ਮਹੀਨਿਆਂ ‘ਚ ਦੇਸ਼ ‘ਚ ਤੀਜਾ ਸਭ ਤੋਂ ਵੱਡਾ ਏ.ਆਈ. ਸੰਚਾਲਿਤ ਨਿਵੇਸ਼ ਹੈ। ਮਾਈਕ੍ਰੋਸਾਫਟ ਨੇ ਕਿਹਾ ਕਿ 17.5 ਅਰਬ ਡਾਲਰ (ਲਗਭਗ 1.58 ਲੱਖ ਕਰੋੜ ਰੁਪਏ) ਦਾ ਨਿਵੇਸ਼ ਇਸ ਸਾਲ ਦੇ ਸ਼ੁਰੂ ‘ਚ ਐਲਾਨੇ ਗਏ 3 ਅਰਬ ਡਾਲਰ (ਲਗਭਗ 26,955 ਕਰੋੜ ਰੁਪਏ) ਫੰਡਿੰਗ ‘ਤੇ ਆਧਾਰਿਤ ਹੈ, ਜਿਸ ਨੂੰ ਕੰਪਨੀ ਨੇ ਸਾਲ 2026 ਦੇ ਅੰਤ ਤੱਕ ਖਰਚ ਕਰਨ ਦੀ ਤਿਆਰੀ ‘ਚ ਹੈ। ਉਨ੍ਹਾਂ ਕਿਹਾ ਕਿ ਮਾਈਕ੍ਰੋਸਾਫਟ ਦਾ ਭਾਰਤ ‘ਚ 17.5 ਅਰਬ ਡਾਲਰ ਦਾ ਨਿਵੇਸ਼ ਏਸ਼ੀਆ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ। 14 ਅਕਤੂਬਰ ਨੂੰ ਗੂਗਲ ਨੇ ਭਾਰਤ ‘ਚ ਇਕ ਏ.ਆਈ. ਹੱਬ ਸਥਾਪਤ ਕਰਨ ਲਈ ਅਗਲੇ ਪੰਜ ਸਾਲਾਂ ‘ਚ 15 ਅਰਬ ਡਾਲਰ ਦਾ ਨਿਵੇਸ਼ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ, ਜਿਸ ‘ਚ ਅਡਾਨੀ ਸਮੂਹ ਨਾਲ ਸਾਂਝੇਦਾਰੀ ‘ਚ ਦੇਸ਼ ਦਾ ਸਭ ਤੋਂ ਵੱਡਾ ਡੇਟਾ ਸੈਂਟਰ ਸ਼ਾਮਿਲ ਹੋਵੇਗਾ। ਇਸ ਤੋਂ ਬਾਅਦ ਡਿਜੀਟਲ ਕੁਨੈਕਸ਼ਨ ਵੱਲੋਂ 11 ਅਰਬ ਡਾਲਰ ਦੀ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਬਰੂਕਫੀਲਡ, ਰਿਲਾਇੰਸ ਇੰਡਸਟਰੀਜ਼ ਅਤੇ ਅਮਰੀਕਾ ਅਧਾਰਿਤ ਡਿਜੀਟਲ ਰਿਐਲਟੀ ਦਾ ਸਾਂਝਾ ਉੱਦਮ ਹੈ।
ਮਾਈਕ੍ਰੋਸਾਫਟ ਭਾਰਤ ‘ਚ ਕਰੇਗਾ 1.58 ਲੱਖ ਕਰੋੜ ਦਾ ਨਿਵੇਸ਼

