ਬੈਂਗਲੁਰੂ, 9 ਜਨਵਰੀ (ਪੰਜਾਬ ਮੇਲ)- ਮਾਈਕ੍ਰੋਸਾਫਟ ਭਾਰਤ ‘ਚ ਆਪਣੀ ਕਲਾਊਡ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਮਰੱਥਾ ਦਾ ਵਿਸਥਾਰ ਕਰਨ ਲਈ 3 ਅਰਬ ਡਾਲਰ (ਲਗਭਗ 25,700 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੱਤਿਆ ਨਡੇਲਾ ਨੇ ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮਾਈਕ੍ਰੋਸਾਫਟ 2030 ਤੱਕ ਭਾਰਤ ‘ਚ ਇਕ ਕਰੋੜ ਲੋਕਾਂ ਨੂੰ ਏ.ਆਈ. ਹੁਨਰਾਂ ਵਿਚ ਸਿਖਲਾਈ ਦੇਵੇਗੀ। ਨਡੇਲਾ ਨੇ ਕਿਹਾ ਕਿ ਭਾਰਤ ‘ਚ 3 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੰਪਨੀ ਵੱਲੋਂ ਕਿਸੇ ਦੇਸ਼ ‘ਚ ਏ.ਆਈ. ਦੇ ਪ੍ਰਸਾਰ ਲਈ ਕੀਤਾ ਗਿਆ ਸਭ ਤੋਂ ਵੱਡਾ ਨਿਵੇਸ਼ ਹੈ। ਜ਼ਿਕਰਯੋਗ ਹੈ ਕਿ ਮਾਈਕ੍ਰੋਸਾਫਟ ਆਪਣੀਆਂ ਕਲਾਉਡ ਕੰਪਿਊਟਿੰਗ ਸੇਵਾਵਾਂ ਅਜ਼ੂਰ ਬ੍ਰਾਂਡ ਨਾਂ ਤਹਿਤ ਪ੍ਰਦਾਨ ਕਰਦਾ ਹੈ। ਇਸ ‘ਚ 300 ਤੋਂ ਵੱਧ ਡਾਟਾ ਸੈਂਟਰਾਂ ਵਾਲੇ 60 ਤੋਂ ਵੱਧ ਅਜ਼ਰ ਖੇਤਰ ਸ਼ਾਮਲ ਹਨ।