#EUROPE

ਮਾਈਕਲ ਮਾਰਟਿਨ ਦੂਜੀ ਵਾਰ ਬਣਨੇ ਆਇਰਲੈਂਡ ਦੇ ਪ੍ਰਧਾਨ ਮੰਤਰੀ

ਡਬਲਿਨ, 22 ਜਨਵਰੀ (ਪੰਜਾਬ ਮੇਲ)- ਸੰਸਦ ਮੈਂਬਰਾਂ ਵੱਲੋਂ ਗੱਠਜੋੜ ਸਰਕਾਰ ਦੇ ਮੁਖੀ ਵਜੋਂ ਰਸਮੀ ਤੌਰ ‘ਤੇ ਮਨਜ਼ੂਰੀ ਦਿੱਤੇ ਜਾਣ ਦੇ ਬਾਅਦ ਮਾਈਕਲ ਮਾਰਟਿਨ ਦੂਜੀ ਵਾਰ ਆਇਰਲੈਂਡ ਦੇ ਪ੍ਰਧਾਨ ਮੰਤਰੀ ਬਣਨਗੇ। ਚੋਣਾਂ ਵਿਚ ਮਾਰਟਿਨ ਦੀ ‘ਫਿਆਨਾ ਫੇਲ’ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ, ਪਰ ਉਸਨੂੰ ਇੰਨੀਆਂ ਸੀਟਾਂ ਨਹੀਂ ਮਿਲੀਆਂ ਸਨ ਕਿ ਉਹ ਆਪਣੇ ਦਮ ‘ਤੇ ਸਰਕਾਰ ਬਣਾ ਸਕੇ।
ਹਫ਼ਤਿਆਂ ਦੀ ਗੱਲਬਾਤ ਤੋਂ ਬਾਅਦ, ਲੰਬੇ ਸਮੇਂ ਤੋਂ ਪ੍ਰਭਾਵਸ਼ਾਲੀ ਸੱਜੇ-ਪੱਖੀ ਪਾਰਟੀਆਂ ‘ਫਿਆਨਾ ਫੇਲ’ ਅਤੇ ‘ਫਾਈਨ ਗਾਏਲ’ ਕਈ ਆਜ਼ਾਦ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਗੱਠਜੋੜ ਬਣਾਉਣ ਲਈ ਸਹਿਮਤ ਹੋ ਗਈਆਂ। ਸਮਝੌਤੇ ਤਹਿਤ, ਮਾਰਟਿਨ (64) 3 ਸਾਲਾਂ ਲਈ ਪ੍ਰਧਾਨ ਮੰਤਰੀ ਹੋਣਗੇ, ਜਦੋਂਕਿ ‘ਫਾਈਨ ਗਾਏਲ’ ਦੇ ਸਾਈਮਨ ਹੈਰਿਸ ਉਪ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਬਾਅਦ, ਦੋਵੇਂ ਆਗੂ ਬਾਕੀ 2 ਸਾਲ ਦੇ ਕਾਰਜਾਲ ਲਈ ਆਪਣੇ-ਆਪਣੇ ਅਹੁਦੇ ਬਦਲਣਗੇ।
ਦੋਵਾਂ ਪਾਰਟੀਆਂ ਦੇ ਮੈਂਬਰਾਂ ਨੇ ਸਰਕਾਰ ਦੇ ਸਮਝੌਤੇ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਮਾਰਟਿਨ ਦੇ ਨਾਮ ਦੀ ਪੁਸ਼ਟੀ ਬੁੱਧਵਾਰ ਨੂੰ ਸੰਸਦ ਦੇ ਹੇਠਲੇ ਸਦਨ ‘ਡੇਲ’ ਦੇ ਮੈਂਬਰਾਂ ਦੁਆਰਾ ਕੀਤੀ ਜਾਵੇਗੀ। ਫਿਰ ਉਨ੍ਹਾਂ ਨੂੰ ਰਾਸ਼ਟਰਪਤੀ ਮਾਈਕਲ ਡੀ. ਹਿਗਿੰਸ ਦੁਆਰਾ ਰਸਮੀ ਤੌਰ ‘ਤੇ ਇਸ ਅਹੁਦੇ ‘ਤੇ ਨਿਯੁਕਤ ਕੀਤਾ ਜਾਵੇਗਾ। ਆਇਰਲੈਂਡ ਵਿੱਚ 29 ਨਵੰਬਰ ਨੂੰ ਹੋਈਆਂ ਚੋਣਾਂ ਵਿਚ, ‘ਫਿਆਨਾ ਫੇਲ’ ਨੇ 174 ਵਿਚੋਂ 48 ਅਤੇ ‘ਫਾਈਨ ਗਾਏਲ’ ਨੇ 38 ਸੀਟਾਂ ਜਿੱਤੀਆਂ ਸਨ।