#PUNJAB

ਮਹਿੰਦਰ ਕੇ.ਪੀ. ਦੇ ਕਾਂਗਰਸ ‘ਚ ਮੁੜ ਸ਼ਾਮਲ ਹੋਣ ਦੇ ਚਰਚੇ!

-ਕਾਂਗਰਸੀ ਖੇਮੇ ‘ਚ ਮਚੀ ਖਲਬਲੀ
ਜਲੰਧਰ, 18 ਜੂਨ (ਪੰਜਾਬ ਮੇਲ)- ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰਕੇ ਬਾਜ਼ੀ ਮਾਰ ਲਈ ਹੈ ਪਰ ਕਾਂਗਰਸ ਅਜੇ ਵੀ 21 ਦੇ ਚੱਕਰਵਿਊ ਵਿਚ ਫਸੀ ਦਿਸ ਰਹੀ ਹੈ। ਲੱਗਦਾ ਹੈ ਕਿ ਅਜੇ ਕਾਂਗਰਸੀ ਉਮੀਦਵਾਰ ਦੇ ਨਾਂ ਦੇ ਐਲਾਨ ਵਿਚ 1-2 ਦਿਨ ਦੀ ਹੋਰ ਉਡੀਕ ਕਰਨੀ ਪੈ ਸਕਦੀ ਹੈ।
ਪਰ ਕਾਂਗਰਸ ਵਿਚ ਅਚਾਨਕ ਨਵੇਂ ਸਮੀਕਰਨ ਬਣਦੇ ਸੁਣਨ ਨੂੰ ਮਿਲੇ, ਜਿਸ ਵਿਚ ਕਿਆਸ ਅਰਾਈਆਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਕਿ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ, ਸਾਬਕਾ ਮੰਤਰੀ ਅਤੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਮੌਜੂਦਾ ਸਮੇਂ ਅਕਾਲੀ ਆਗੂ ਮਹਿੰਦਰ ਸਿੰਘ ਕੇ.ਪੀ. ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ ਅਤੇ ਪਾਰਟੀ ਉਨ੍ਹਾਂ ਨੂੰ ਵੈਸਟ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰੇਗੀ, ਹਾਲਾਂਕਿ ਕੇ.ਪੀ. ਖੇਮੇ ਨੇ ਅਜਿਹੀ ਕਿਸੇ ਵੀ ਜੁਆਈਨਿੰਗ ਨੂੰ ਲੈ ਕੇ ਚੱਲ ਰਹੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ, ਪਰ ਕਾਂਗਰਸ ਵਿਚ ਕੇ.ਪੀ. ਦੇ ਆਉਣ ਦੀ ਦਸਤਕ ਨਾਲ ਇਕ ਤਰ੍ਹਾਂ ਨਾਲ ਖਲਬਲੀ ਮਚ ਗਈ ਹੈ।
ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਵੈਸਟ ਹਲਕੇ ਤੋਂ ਟਿਕਟ ਦੇ ਦਾਅਵੇਦਾਰਾਂ ਦੇ ਮੋਬਾਈਲਾਂ ਦੀਆਂ ਘੰਟੀਆਂ ਵੱਜੀਆਂ ਅਤੇ ਉਨ੍ਹਾਂ ਨੂੰ 66 ਫੁੱਟੀ ਰੋਡ ‘ਤੇ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਗਿਆ, ਜਿਥੇ ਹਲਕੇ ਦੇ ਦਾਅਵੇਦਾਰ ਅਤੇ ਕਾਂਗਰਸੀ ਆਗੂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਸਾਹਮਣੇ ਪੇਸ਼ ਕੀਤੇ ਗਏ ਅਤੇ ਉਨ੍ਹਾਂ ਕੇ.ਪੀ. ਦੀ ਕਾਂਗਰਸ ਵਿਚ ਐਂਟਰੀ ਦਾ ਵਿਰੋਧ ਜਤਾਇਆ।
ਉਕਤ ਦਾਅਵੇਦਾਰਾਂ ਨੇ ਕਿਹਾ ਕਿ ਹਾਈਕਮਾਨ ਉਨ੍ਹਾਂ ਵਿਚੋਂ ਕਿਸੇ ਨੂੰ ਟਿਕਟ ਦੇਵੇ, ਤਾਂ ਉਹ ਐਲਾਨੇ ਉਮੀਦਵਾਰ ਦਾ ਸਮਰਥਨ ਕਰਨਗੇ ਪਰ ਜੇਕਰ ਕੇ.ਪੀ. ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਉਮੀਦਵਾਰ ਬਣਾਇਆ ਗਿਆ, ਤਾਂ ਉਹ ਚੋਣ ਪ੍ਰਚਾਰ ਤੋਂ ਦੂਰੀ ਬਣਾ ਲੈਣਗੇ।
ਹਾਲਾਂਕਿ ਸੰਸਦ ਮੈਂਬਰ ਚੰਨੀ ਨੇ ਵੀ ਅਜਿਹਾ ਕਥਨ ਕਹਿ ਕੇ ਸਭ ਨੂੰ ਕਿਹਾ ਕਿ ਟਿਕਟ ਸਿਰਫ ਹਲਕੇ ਨਾਲ ਸਬੰਧਤ ਕਾਂਗਰਸੀਆਂ ਵਿਚੋਂ ਹੀ ਕਿਸੇ ਇਕ ਨੂੰ ਮਿਲੇਗੀ। ਇਸ ਦੌਰਾਨ ਸੰਸਦ ਮੈਂਬਰ ਚੰਨੀ ਨੇ ਮੌਕੇ ‘ਤੇ ਹੀ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੂੰ ਫੋਨ ਕਰਕੇ ਉਨ੍ਹਾਂ ਨੂੰ ਦਾਅਵੇਦਾਰਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ। ਇਸ ਭਰੋਸੇ ਉਪਰੰਤ ਸਾਰੇ ਦਾਅਵੇਦਾਰ ਵਾਪਸ ਮੁੜ ਗਏ।
ਜਦੋਂ ਕੇ.ਪੀ. ਦੇ ਕਾਂਗਰਸ ਵਿਚ ਸ਼ਾਮਲ ਹੋਣ ਬਾਰੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ। ਹੋ ਸਕਦਾ ਹੈ ਕਿ ਹਾਈਕਮਾਨ ਆਪਣੇ ਪੱਧਰ ‘ਤੇ ਦਿੱਲੀ ਜਾਂ ਚੰਡੀਗੜ੍ਹ ਵਿਚ ਕੇ.ਪੀ. ਨੂੰ ਕਾਂਗਰਸ ਜੁਆਇਨ ਕਰਵਾ ਦੇਵੇ ਪਰ ਮੰਨਿਆ ਜਾ ਰਿਹਾ ਹੈ ਕਿ ਕੇ.ਪੀ. ਨੂੰ ਲੈ ਕੇ ਸ਼ੁਰੂ ਹੋਈਆਂ ਕਿਆਸ-ਅਰਾਈਆਂ ਨੂੰ ਲੈ ਕੇ ਕਿਸੇ ਸੀਨੀਅਰ ਆਗੂ ਦਾ ਹੀ ਗੇਮ ਪਲਾਨ ਚੱਲ ਰਿਹਾ ਹੈ ਕਿ ਸਾਰੇ ਦਾਅਵੇਦਾਰਾਂ ਨੂੰ ਇਕੱਠਾ ਕਰਕੇ ਉਨ੍ਹਾਂ ਦਾ ਵਿਰੋਧ ਹਾਈਕਮਾਨ ਤੱਕ ਪਹੁੰਚਾ ਦਿੱਤਾ ਜਾਵੇ, ਤਾਂ ਕਿ ਜੇਕਰ ਕੇ.ਪੀ. ਦੀ ਜੁਆਈਨਿੰਗ ਨੂੰ ਲੈ ਕੇ ਕੋਈ ਚੰਗਿਆੜੀ ਨਿਕਲਦੀ ਵੀ ਹੈ, ਤਾਂ ਉਸ ਦੇ ਅੱਗ ਬਣਨ ਤੋਂ ਪਹਿਲਾਂ ਹੀ ਉਕਤ ਚੰਗਿਆੜੀ ਨੂੰ ਠੰਡਾ ਕਰ ਦਿੱਤਾ ਜਾਵੇ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਮਨੂ ਵੜਿੰਗ, ਪਵਨ ਕੁਮਾਰ, ਸੁਰਿੰਦਰ ਕੁਮਾਰੀ, ਵਿਕਾਸ ਸੰਗਰ, ਅਸ਼ਵਨੀ ਜੰਗਰਾਲ, ਓਂਕਾਰ ਰਾਜੀਵ ਟਿੱਕਾ, ਅਰੁਣ ਭਗਤ, ਬ੍ਰਹਮਦੇਵ ਸਹੋਤਾ, ਬਲਬੀਰ ਅੰਗੁਰਾਲ, ਬਲਾਕ ਕਾਂਗਰਸ ਪ੍ਰਧਾਨ ਹਰੀਸ਼ ਢੱਲ, ਰਸ਼ਪਾਲ ਜਾਖੂ, ਪੌਂਟੀ ਰਾਜਪਾਲ ਅਤੇ ਹੋਰ ਵੀ ਮੌਜੂਦ ਰਹੇ।