#AMERICA

ਮਸ਼ਹੂਰ ਬਿਊਟੀ ਕੁਈਨ ਦਾ ਗੋਲੀਆਂ ਮਾਰ ਕੇ Murder

-ਕਾਤਲਾਂ ਨੂੰ ਇੰਸਟਾਗ੍ਰਾਮ ਪੋਸਟ ‘ਚ ਲੋਕੇਸ਼ਨ ਦਾ ਲੱਗਿਆ ਪਤਾ
ਕੋਸਟਾ ਰਿਕਾ, 8 ਮਈ (ਪੰਜਾਬ ਮੇਲ)- ਸਾਬਕਾ ਮਿਸ ਇਕਵਾਡੋਰ ਪ੍ਰਤੀਯੋਗੀ ਲੈਂਡੀ ਪੈਰਾਗਾ ਗੋਇਬਰੋ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲੈਂਡੀ ਦੀ ਇੱਕ ਸੀ.ਸੀ.ਟੀ.ਵੀ. ਫੁਟੇਜ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿਚ ਉਹ ਲਾਸ ਰੀਓਸ ਸੂਬੇ ਦੇ ਇੱਕ ਸ਼ਹਿਰ ਦੇ ਇੱਕ ਰੈਸਟੋਰੈਂਟ ਵਿਚ ਨਜ਼ਰ ਆ ਰਹੀ ਸੀ। ਉਦੋਂ ਅਚਾਨਕ ਕੁਝ ਹਥਿਆਰਬੰਦ ਵਿਅਕਤੀ ਆਏ ਅਤੇ ਲੈਂਡੀ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਖਬਰ ਆਉਂਦੇ ਹੀ ਫੈਸ਼ਨ ਜਗਤ ‘ਚ ਸੋਗ ਦੇ ਬੱਦਲ ਛਾ ਗਏ।
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਕਵਾਡੋਰ ਦੀ ਸੁੰਦਰਤਾ ਲੈਂਡੀ ਪੈਰਾਗਾ ਗੋਇਬਰੋ ਦਾ ਬਦਨਾਮ ਗੈਂਗ ਦੇ ਗੁਰਗੇ ਨਾਲ ਅਫੇਅਰ ਸੀ। ਇਹ ਖੌਫਨਾਕ ਘਟਨਾ ਸੀ.ਸੀ.ਟੀ.ਵੀ. ਫੁਟੇਜ ਵਿਚ ਕੈਦ ਹੋ ਗਈ ਹੈ। ਫੁਟੇਜ ‘ਚ ਦਿਖ ਰਿਹਾ ਹੈ ਕਿ ਦੋ ਬੰਦੂਕਧਾਰੀ ਰੈਸਟੋਰੈਂਟ ‘ਚ ਪਹੁੰਚੇ ਅਤੇ ਉਥੇ ਮੌਜੂਦ ਲੈਂਡੀ ਦੇ ਨਾਲ-ਨਾਲ ਇਕ ਵਿਅਕਤੀ ਨੂੰ ਵੀ ਗੋਲੀ ਮਾਰ ਦਿੱਤੀ। ਇੱਕ ਬੰਦੂਕਧਾਰੀ ਨੇ ਗੋਲੀ ਚਲਾ ਦਿਤੀ, ਜਦੋਂ ਕਿ ਦੂਜੇ ਨੇ ਦਰਵਾਜ਼ੇ ‘ਤੇ ਖੜ੍ਹੇ ਹੋ ਕੇ ਪਹਿਰਾ ਦਿੱਤਾ। ਫਾਇਰਿੰਗ ਕਰਨ ਤੋਂ ਬਾਅਦ ਦੋਵੇਂ ਉਥੋਂ ਫਰਾਰ ਹੋ ਗਏ।
ਰਿਪੋਰਟ ਮੁਤਾਬਕ ਸਥਾਨਕ ਮੀਡੀਆ ਆਊਟਲੇਟ ਇਕਵਾਵਿਸਾ ਨੇ ਦੱਸਿਆ ਕਿ ਲੈਂਡੀ ਪੈਰਾਗਾ ਗੋਇਬੁਰੋ ਇਕ ਦਿਨ ਪਹਿਲਾਂ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਆਈ ਸੀ। ਅਗਲੇ ਦਿਨ ਉਸ ਨੂੰ ਗੋਲੀ ਮਾਰ ਦਿੱਤੀ ਗਈ। ਇਸ ਹਮਲੇ ਦੇ ਪਿੱਛੇ ਕੀ ਮਕਸਦ ਸੀ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 23 ਸਾਲ ਦੀ ਛੋਟੀ ਉਮਰ ‘ਚ ਲੈਂਡੀ ਪੈਰਾਗਾ ਗੋਇਬੁਰੋ ਸਾਬਕਾ ਬਿਊਟੀ ਕਵੀਨ ਦੇ ਰੂਪ ‘ਚ ਚਰਚਾ ‘ਚ ਆਈ ਸੀ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ 10 ਲੱਖ ਤੋਂ ਵੱਧ ਫਾਲੋਅਰਜ਼ ਸਨ। ਇਸ ਤੋਂ ਇਲਾਵਾ ਲੈਂਡੀ ਨੇ ਆਪਣੀ ਸਪੋਰਟਸਵੇਅਰ ਲਾਈਨ ਵੀ ਚਲਾਈ ਸੀ। ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਾ ਹੈ। ਫਿਲਹਾਲ ਪੁਲਿਸ ਇਸ ਹਮਲੇ ਪਿੱਛੇ ਬਦਨਾਮ ਗਿਰੋਹ ਅਤੇ ਇਸ ਦੇ ਆਗੂ ਦੀ ਜਾਂਚ ਵਿਚ ਜੁਟੀ ਹੋਈ ਹੈ।