#INDIA

ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਅਮਰੀਕਾ ਦੇ ਹਸਪਤਾਲ ‘ਚ ਦੇਹਾਂਤ

ਨਵੀਂ ਦਿੱਲੀ, 16 ਦਸੰਬਰ (ਪੰਜਾਬ ਮੇਲ)- ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਅਮਰੀਕਾ ਦੇ ਸਾਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਇਸ ਬਾਰੇ ਪਰਿਵਾਰ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ। ਉਹ 73 ਸਾਲ ਦੇ ਸਨ। ਹੁਸੈਨ ਦੀ ਮੌਤ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਕਾਰਨ ਹੋਈ। ਉਹ ਪਿਛਲੇ ਦੋ ਹਫ਼ਤਿਆਂ ਤੋਂ ਹਸਪਤਾਲ ਵਿਚ ਸਨ ਅਤੇ ਉਸਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿਚ ਸ਼ਿਫਟ ਕੀਤਾ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਵੈਂਟੀਲੇਸ਼ਨ ਮਸ਼ੀਨ ਦੇ ਬੰਦ ਹੋਣ ਤੋਂ ਬਾਅਦ ਉਹ ਬਹੁਤ ਸ਼ਾਂਤੀ ਨਾਲ ਚਲਾ ਗਿਆ। ਇਹ ਸਾਨ ਫਰਾਂਸਿਸਕੋ ਦਾ ਸਮਾਂ ਸ਼ਾਮ 4 ਵਜੇ ਦਾ ਸੀ। ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਤਬਲਾ ਵਾਦਕ ਵਜੋਂ ਜਾਣੇ ਜਾਂਦੇ ਹੁਸੈਨ ਦੇ ਪਿੱਛੇ ਉਸਦੀ ਪਤਨੀ ਐਂਟੋਨੀਆ ਮਿਨੇਕੋਲਾ ਅਤੇ ਉਨ੍ਹਾਂ ਦੀਆਂ ਧੀਆਂ, ਅਨੀਸਾ ਕੁਰੈਸ਼ੀ ਅਤੇ ਇਜ਼ਾਬੇਲਾ ਕੁਰੈਸ਼ੀ ਹਨ।
9 ਮਾਰਚ 1951 ਨੂੰ ਜਨਮੇ ਉਹ ਪ੍ਰਸਿੱਧ ਤਬਲਾ ਮਾਸਟਰ ਉਸਤਾਦ ਅੱਲਾ ਰਾਖਾ ਦੇ ਪੁੱਤਰ ਸਨ। ਪਰਿਵਾਰ ਨੇ ਆਪਣੇ ਬਿਆਨ ਵਿਚ ਕਿਹਾ ਜ਼ਾਕਿਰ ਦੁਨੀਆਂ ਭਰ ਦੇ ਅਣਗਿਣਤ ਸੰਗੀਤ ਪ੍ਰੇਮੀਆਂ ਦੁਆਰਾ ਪਾਲੀ ਗਈ ਇੱਕ ਅਸਾਧਾਰਣ ਵਿਰਾਸਤ ਛੱਡ ਗਿਆ ਹੈ, ਜਿਸਦਾ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ ਲਈ ਗੂੰਜਦਾ ਰਹੇਗਾ। 6 ਦਹਾਕਿਆਂ ਦੇ ਕੈਰੀਅਰ ਵਿਚ ਹੁਸੈਨ ਨੇ ਕਈ ਮਸ਼ਹੂਰ ਕੌਮਾਂਤਰੀ ਅਤੇ ਭਾਰਤੀ ਕਲਾਕਾਰਾਂ ਨਾਲ ਕੰਮ ਕੀਤਾ।