ਪਾਰਟੀ ਪੋਲਿਟ ਬਿਊਰੋ ਵੱਲੋਂ ਬੰਗਲਾਦੇਸ਼ ‘ਚ ਘੱਟਗਿਣਤੀਆਂ ‘ਤੇ ਹਮਲਿਆਂ ਦੀ ਨਿਖੇਧੀ
ਨਵੀਂ ਦਿੱਲੀ, 9 ਦਸੰਬਰ (ਪੰਜਾਬ ਮੇਲ)- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀ.ਪੀ.ਆਈ.) ਦੀ ਪੋਲਿਟ ਬਿਊਰੋ ਨੇ ਦੇਸ਼ ਭਰ ਵਿਚ ਪ੍ਰਾਚੀਨ ਮਸਜ਼ਿਦਾਂ ਦੇ ਥੱਲਿਉਂ ਮੰਦਰਾਂ ਦੇ ਖੰਡਰਾਂ ਦੀ ਤਲਾਸ਼ ਲਈ ਸਰਵੇਖਣ ਕਰਵਾਉਣ ਵਾਸਤੇ ਦਾਇਰ ਕੀਤੇ ਜਾ ਰਹੇ ਮੁਕੱਦਮਿਆਂ ‘ਤੇ ਸੋਮਵਾਰ ਨੂੰ ਚਿੰਤਾ ਜ਼ਾਹਰ ਕੀਤੀ ਹੈ। ਸੀ.ਪੀ.ਐੱਮ. ਨੇ ਇਸ ਸਬੰਧੀ ਜਾਰੀ ਇਕ ਬਿਆਨ ਵਿਚ ਕਿਹਾ ਹੈ, ”ਵਾਰਾਣਸੀ ਅਤੇ ਮਥੁਰਾ ਤੋਂ ਬਾਅਦ, ਸੰਭਲ ਵਿਚ ਇੱਕ ਹੇਠਲੀ ਅਦਾਲਤ ਦੁਆਰਾ 16ਵੀਂ ਸਦੀ ਦੀ ਮਸਜ਼ਿਦ ਦੇ ਸਰਵੇਖਣ ਦਾ ਆਦੇਸ਼ ਦਿੱਤਾ ਗਿਆ ਸੀ। ਇਸ ਦੇ ਨਤੀਜੇ ਵਜੋਂ ਹਿੰਸਾ ਹੋਈ, ਜਿਸ ਵਿਚ ਚਾਰ ਮੁਸਲਿਮ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਅਜਮੇਰ ਦੀ ਸਿਵਲ Court ਵਿਚ ਅਜਮੇਰ ਸ਼ਰੀਫ ਦਰਗਾਹ ਬਾਰੇ ਅਜਿਹੀ ਹੀ ਇੱਕ ਪਟੀਸ਼ਨ ਦੀ ਸੁਣਵਾਈ ਕੀਤੀ ਗਈ ਹੈ।”
ਸੀ.ਪੀ.ਆਈ. (ਐੱਮ) ਪੋਲਿਟ ਬਿਊਰੋ ਦੀ ਦੋ-ਰੋਜ਼ਾ ਮੀਟਿੰਗ 7-8 ਦਸੰਬਰ ਨੂੰ ਇਥੇ ਹੋਈ, ਜਿਸ ਤੋਂ ਬਾਅਦ ਇੱਥੇ ਇੱਕ ਬਿਆਨ ਵਿਚ ਖੱਬੇ ਪੱਖੀ ਪਾਰਟੀ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਅਜਿਹੇ ਮੁਕੱਦਮਿਆਂ ਨੂੰ ਰੋਕਣ ਲਈ ਕੋਈ ਦਖਲ ਨਹੀਂ ਦਿੱਤਾ ਹੈ। ਬਿਆਨ ‘ਚ ਕਿਹਾ ਗਿਆ ਹੈ, ”ਅਯੁੱਧਿਆ ਵਿਵਾਦ ‘ਤੇ Supreme Court ਦੇ 2019 ਦੇ ਪੰਜ ਮੈਂਬਰੀ ਬੈਂਚ ਦੇ ਫੈਸਲੇ ਨੇ (ਪੂਜਾ ਸਥਾਨਾਂ ਬਾਰੇ) ਕਾਨੂੰਨ ਦੀ ਵਾਜਬੀਅਤ ਅਤੇ ਇਸ ਨੂੰ ਲਾਗੂ ਕੀਤੇ ਜਾਣ ਨੂੰ ਸਪੱਸ਼ਟ ਤੌਰ ‘ਤੇ ਬਰਕਰਾਰ ਰੱਖਿਆ ਸੀ। ਇਸ ਨਿਰਦੇਸ਼ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਦਖਲ ਦੇਵੇ, ਕਿਉਂਕਿ ਅਜਿਹਾ ਕਰਨਾ ਸਾਫ਼ ਤੌਰ ‘ਤੇ ਐਕਟ ਦੀ ਉਲੰਘਣਾ ਹੈ।”
ਮੰਦਰ-ਮਸਜ਼ਿਦ ਵਿਵਾਦਾਂ ਨਾਲ ਸਬੰਧਤ ਵੱਖ-ਵੱਖ ਅਦਾਲਤਾਂ ਵਿਚ ਦਾਇਰ ਕਈ ਮੁਕੱਦਮੇ ਚਰਚਾ ਵਿਚ ਆਏ ਹਨ, ਜਿਨ੍ਹਾਂ ਵਿਚ ਵਾਰਾਣਸੀ ਦੀ ਗਿਆਨਵਾਪੀ ਮਸਜਿਦ, ਮਥੁਰਾ ਦੀ ਸ਼ਾਹੀ ਈਦਗਾਹ ਮਸਜਿਦ, ਸੰਭਲ ਦੀ ਸ਼ਾਹੀ ਜਾਮਾ ਮਸਜ਼ਿਦ, ਸੂਫ਼ੀ ਸੰਤ ਮੋਇਨੂਦੀਨ ਚਿਸ਼ਤੀ ਦੀ ਅਜਮੇਰ ਸ਼ਰੀਫ਼ ਦਰਗਾਹ ਅਤੇ ਬਦਾਯੂੰ ਦੀ ਜਾਮਾ ਮਸਜ਼ਿਦ ਸ਼ਾਮਲ ਹਨ। ਸਭਨੀਂ ਥਾਈਂ ਪਟੀਸ਼ਨਰਾਂ ਦਾ ਦਾਅਵਾ ਹੈ ਕਿ ਇਹ ਮਸਜ਼ਿਦਾਂ ਪ੍ਰਾਚੀਨ ਮੰਦਰਾਂ ਨੂੰ ਨਸ਼ਟ ਕਰਨ ਤੋਂ ਬਾਅਦ ਉਸਾਰੀਆਂ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਉਥੇ ਹਿੰਦੂ ਪੂਜਾ ਕਰਨ ਦੀ ਇਜਾਜ਼ਤ ਮੰਗੀ ਜਾ ਰਹੀ ਹੈ।
ਸੁਪਰੀਮ ਕੋਰਟ ਨੇ ਪੂਜਾ ਸਥਾਨਾਂ (ਵਿਸ਼ੇਸ਼ ਵਿਵਸਥਾਵਾਂ) ਐਕਟ, 1991 ਦੇ ਕੁਝ ਉਪਬੰਧਾਂ ਦੀ ਵਾਜਬੀਅਤ ਨੂੰ ਚੁਣੌਤੀ ਦੇਣ ਵਾਲੀਆਂ ਕਈ ਲੋਕਹਿੱਤ ਪਟੀਸ਼ਨਾਂ ਦੀ ਸੁਣਵਾਈ ਲਈ ਇੱਕ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਹੈ। ਦੱਸਣਯੋਗ ਹੈ ਕਿ ਇਹ ਐਕਟ ਕਿਸੇ ਪੂਜਾ ਸਥਾਨ ‘ਤੇ ਮੁੜ ਦਾਅਵਾ ਕਰਨ ਜਾਂ ਇਸ ਵਿਚ ਤਬਦੀਲੀ ਦੀ ਮੰਗ ਕਰਨ ਲਈ ਮੁਕੱਦਮਾ ਦਾਇਰ ਕਰਨ ਦੀ ਮਨਾਹੀ ਕਰਦਾ ਹੈ। ਐਕਟ ਮੁਤਾਬਕ ਦੇਸ਼ ਭਰ ‘ਚ ਪੂਜਾ ਸਥਾਨਾਂ ਦਾ ਜਿਹੜਾ ਵੀ ਸਰੂਪ ਤੇ ਕਿਰਦਾਰ 15 ਅਗਸਤ, 1947 ਨੂੰ ਸੀ, ਉਸੇ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਪਾਰਟੀ ਨੇ ਗੁਆਂਢੀ ਮੁਲਕ ਬੰਗਲਾਦੇਸ਼ ‘ਚ ਘੱਟਗਿਣਤੀਆਂ ਉਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਬੰਗਲਾਦੇਸ਼ ਪ੍ਰਸ਼ਾਸਨ ਵੱਲੋਂ ਇਸਲਾਮਿਕ ਕੱਟੜਪੰਥੀ ਤਾਕਤਾਂ ਦੀਆਂ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਪਾਰਟੀ ਨੇ ਕਿਹਾ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਧਾਰਮਿਕ ਘੱਟਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਸੀ.ਪੀ.ਆਈ. (ਐੱਮ) ਨੇ ਇਸ ਦੋਸ਼ ਵੀ ਲਗਾਇਆ ਕਿ ਭਾਜਪਾ-ਆਰ.ਐੱਸ.ਐੱਸ. ਅਤੇ ਹਿੰਦੂਤਵੀ ਸੰਗਠਨ ਵੀ ਉਥੇ ਜਨੂੰਨ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।