ਅੰਮ੍ਰਿਤਸਰ ਹਵਾਈ ਅੱਡੇ ਲਈ ਇੱਕ ਇਤਿਹਾਸਕ ਅਤੇ ਮਹੱਤਵਪੂਰਨ ਮੀਲ਼ ਪੱਥਰ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ;
ਅੰਮ੍ਰਿਤਸਰ, 15 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਵਸਨੀਕਾਂ, ਦੁਨੀਆਂ ਭਰ ਦੇ ਪ੍ਰਵਾਸੀ ਪੰਜਾਬੀਆਂ ਅਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਉਡਾਣਾਂ ਲਈ ਨਵੰਬਰ ਦਾ ਮਹੀਨਾ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੈ। ਇਸ ਦਾ ਪ੍ਰਗਟਾਵਾ ਅੰਮ੍ਰਿਤਸਰ ਹਵਾਈ ਅੱਡੇ ਦੇ ਵਿਕਾਸ ਨੂੰ ਸਮਰਪਿਤ ਮੁਹਿੰਮ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਅੰਮ੍ਰਿਤਸਰ ਵਿਕਾਸ ਮੰਚ ਨੇ ਮਲੇਸ਼ੀਆ ਏਅਰਲਾਈਨ ਵਲੋਂ ਬੀਤੇ ਦਿਨੀਂ 8 ਨਵੰਬਰ ਨੂੰ ਕੁਆਲਾਲੰਪੂਰ ਤੋਂ ਗੁਰੂ ਕੀ ਨਗਰੀ ਲਈ ਹਫਤੇ ਵਿਚ 2 ਦਿਨ ਲਈ ਸ਼ੁਰੂ ਕੀਤੀਆਂ ਗਈਆਂ ਸਿੱਧੀਆਂ ਉਡਾਣਾਂ ’ਤੇ ਕੀਤਾ ਹੈ।

ਰਵਰੀਤ ਅਨੁਸਾਰ ਅੰਮ੍ਰਿਤਸਰ ਤੋਂ 180 ਸਵਾਰੀਆਂ ਦੇ ਜਹਾਜ਼ ਦੀ ਪਹਿਲੀ ਉਡਾਣ ’ਚ 90% ਤੋਂ ਵੱਧ ਯਾਤਰੀ ਸਨ, ਜਿਸ ਵਿਚ ਜ਼ਿਆਦਾਤਰ ਕੁਆਲਾਲੰਪੁਰ ਰਾਹੀਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾਣ ਵਾਲੇ ਸਨ। ਏਅਰਲਾਈਨ ਵੱਲੋਂ ਸ਼ੁਰੂਆਤੀ ਉਡਾਣ ਰਾਹੀਂ ਕੁਆਲਾਲੰਪੂਰ ਤੋਂ ਅੰਮ੍ਰਿਤਸਰ ਪਹੁੰਚਣ ਵਾਲੇ ਯਾਤਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਭਾਰਤ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਮਲੇਸ਼ੀਆ ਏਅਰਲਾਈਨਜ਼ ਵੱਲੋਂ ਇਨ੍ਹਾਂ ਸੇਵਾਵਾਂ ਨੂੰ ਸ਼ੁਰੂ ਕਰਨ ’ਤੇ ਬੇਹੱਦ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਦੱਸਿਆ, ਬਾਟਿਕ ਏਅਰ ਅਤੇ ਏਅਰ ਏਸ਼ੀਆ ਐਕਸ ਤੋਂ ਬਾਅਦ ਇਹ ਹੁਣ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਵਾਲੀ ਮਲੇਸ਼ੀਆ ਦੀ ਤੀਸਰੀ ਏਅਰਲਾਈਨ ਹੈ। ਇਹ ਹਵਾਈ ਅੱਡੇ ਲਈ ਇੱਕ ਇਤਿਹਾਸਕ ਅਤੇ ਮਹੱਤਵਪੂਰਨ ਮੀਲ ਪੱਥਰ ਹੈ, ਕਿਉਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦਾ ਮੁੱਖ ਉਦੇਸ਼ ਅੰਮ੍ਰਿਤਸਰ ਨੂੰ ਉੱਤਰੀ ਭਾਰਤ ਵਿਚ ਦਿੱਲੀ ਤੋਂ ਬਾਦ ਇੱਕ ਮੁੱਖ ਸੈਕੰਡਰੀ ਹਵਾਈ ਯਾਤਰਾ ਦੀ ਹੱਬ ਵਜੋਂ ਸਥਾਪਤ ਕਰਨਾ ਹੈ।
ਸਮਾਜ ਸੇਵੀ ਸੰਸਥਾ ਅੰਮ੍ਰਿਤਸਰਵਿਕਾਸ ਮੰਚ (ਐੱਨ.ਜੀ.ਓ.) ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕਿਹਾ, ‘‘ਵਿਦੇਸ਼ ਅਤੇ ਪੰਜਾਬ ਵੱਸਦੇ ਸਾਡੇ ਭਾਈਚਾਰੇ ਲਈ ਹੁਣ ਇਹ ਬਹੁਤ ਮਹੱਤਵਪੂਰਨ ਹੈ ਕਿ ਉਹ ਦਿੱਲੀ ਦੀ ਬਜਾਏ, ਯਾਤਰਾ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਤਰਜੀਹ ਦੇਣ। ਇਨ੍ਹਾਂ ਉਡਾਣਾਂ ਦੇ ਸਫਲ ਹੋਣ ਨਾਲ ਹੀ ਇੱਥੋਂ ਹੋਰ ਉਡਾਣਾਂ ਸ਼ੁਰੂ ਹੋ ਸਕਣਗੀਆਂ, ਜਿਸ ਨਾਲ ਹਜਾਰਾਂ ਪੰਜਾਬ ਵਾਸੀਆਂ ਨੂੰ ਰੋਜ਼ਗਾਰ ਵੀ ਮਿਲੇਗਾ ਅਤੇ ਸੂਬੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਅਸੀਂ ਆਸ ਕਰਦੇ ਹਾਂ ਕਿ ਮਲੇਸ਼ੀਆ ਏਅਰਲਾਈਨਜ਼ ਆਉਣ ਵਾਲੇ ਮਹੀਨਿਆਂ ਵਿਚ ਅੰਮ੍ਰਿਤਸਰ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਨੂੰ ਦੋ ਤੋਂ ਹੋਰ ਵਧਾਏਗੀ, ਤਾਂ ਜੋ ਦੱਖਣ-ਪੂਰਬੀ ਏਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਪ੍ਰਵਾਸੀ ਪੰਜਾਬੀ ਕੁਆਲਾਲੰਪੁਰ ਰਾਹੀਂ ਪੰਜਾਬ ਆਉਣ ਲਈ ਸੁਵਿਧਾਜਨਕ ਯਾਤਰਾ ਕਰ ਸਕਣ।’’