ਚੰਡੀਗੜ੍ਹ, 27 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੇ ਮਾਮਲੇ ‘ਤੇ ਦੁਚਿੱਤੀ ਵਿਚ ਫਸ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਹੁਣ ਪ੍ਰਤਾਪ ਸਿੰਘ ਕੈਰੋਂ ਦੇ ਹੱਕ ਵਿਚ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਹਾਅ ਦਾ ਨਾਅਰਾ ਮਾਰਿਆ ਹੈ। ਚਰਚੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਪਾਰਟੀ ‘ਚੋਂ ਕੱਢ ਸਕਦਾ ਹੈ। ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਬਠਿੰਡਾ ਸੰਸਦੀ ਹਲਕੇ ਤੋਂ ਸਾਬਕਾ ਮੰਤਰੀ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਬਤੌਰ ਭਾਜਪਾ ਉਮੀਦਵਾਰ ਚੋਣ ਮੈਦਾਨ ਵਿਚ ਹੈ ਅਤੇ ਮਲੂਕਾ ਨੇ ਪਿਛਲੇ ਦਿਨਾਂ ਤੋਂ ਚੋਣ ਪ੍ਰਚਾਰ ਤੋਂ ਕਿਨਾਰਾ ਕੀਤਾ ਹੋਇਆ ਹੈ। ਸਾਬਕਾ ਮੰਤਰੀ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਦੂਰੀ ਬਣਾਈ ਹੋਈ ਸੀ। ਹੁਣ ਮਲੂਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿਚ ਮਲੂਕਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਗਈ ਹੈ। ਦੂਜੇ ਬੰਨ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਨੂੰ ਰਗੜੇ ਲਗਾ ਰਹੇ ਹਨ।
ਸਿਆਸੀ ਹਲਕੇ ਆਖਦੇ ਹਨ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਜਨਤਕ ਤੌਰ ‘ਤੇ ਤਾਂ ਪਾਰਟੀ ਵਿਰੁੱਧ ਕੋਈ ਬਿਆਨ ਜਾਰੀ ਨਹੀਂ ਕੀਤਾ ਸੀ, ਜਦੋਂਕਿ ਮਲੂਕਾ ਤਾਂ ਭਾਜਪਾ ਦੀ ਹਮਾਇਤ ਵਿਚ ਬੋਲ ਰਹੇ ਹਨ। ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਕੀ ਹੁਣ ਮਲੂਕਾ ਖ਼ਿਲਾਫ਼ ਵੀ ਅਨੁਸ਼ਾਸਨੀ ਕਾਰਵਾਈ ਕਰੇਗਾ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਆਖਦੇ ਹਨ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ, ਜਿਸ ਦੇ ਆਧਾਰ ‘ਤੇ ਕੋਈ ਕਾਰਵਾਈ ਉਨ੍ਹਾਂ ਖ਼ਿਲਾਫ਼ ਕਰਨੀ ਬਣਦੀ ਹੋਵੇ।
ਸਿਆਸੀ ਹਲਕੇ ਆਖਦੇ ਹਨ ਕਿ ਸਾਬਕਾ ਮੰਤਰੀ ਮਲੂਕਾ ਨੇ ਤਾਂ ਫ਼ਰੀਦਕੋਟ ਹਲਕੇ ਤੋਂ ਪਾਰਟੀ ਉਮੀਦਵਾਰ ਰਾਜਵਿੰਦਰ ਸਿੰਘ ਲਈ ਵੀ ਕੋਈ ਚੋਣ ਜਲਸਾ ਨਹੀਂ ਕੀਤਾ ਹੈ। ਇੱਥੋਂ ਤੱਕ ਕਿ ਪਾਰਟੀ ਉਮੀਦਵਾਰ ਨੇ ਪਿੰਡ ਮਲੂਕਾ ਵਿਚ ਹੋਏ ਚੋਣ ਪ੍ਰੋਗਰਾਮ ‘ਚੋਂ ਵੀ ਮਲੂਕਾ ਗ਼ੈਰਹਾਜ਼ਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸੋਚ ਹੈ ਕਿ ਜੇਕਰ ਮਲੂਕਾ ਖ਼ਿਲਾਫ਼ ਕਾਰਵਾਈ ਕੀਤੀ ਗਈ, ਤਾਂ ਮਲੂਕਾ ਖੁੱਲ੍ਹ ਕੇ ਭਾਜਪਾ ਦੀ ਹਮਾਇਤ ਵਿਚ ਕੁੱਦ ਪੈਣਗੇ ਅਤੇ ਅਕਾਲੀ ਉਮੀਦਵਾਰ ਬੀਬੀ ਬਾਦਲ ਲਈ ਨਵਾਂ ਸੰਕਟ ਪੈਦਾ ਹੋ ਜਾਵੇਗਾ ਹੈ। ਇੱਕ ਸੀਨੀਅਰ ਆਗੂ ਨੇ ਕਿਹਾ ਕਿ ਚੋਣਾਂ ਤੱਕ ਮਲੂਕਾ ਖ਼ਿਲਾਫ਼ ਕੋਈ ਕਾਰਵਾਈ ਹੁੰਦੀ ਨਹੀਂ ਜਾਪਦੀ ਹੈ।
ਸਿਆਸੀ ਚਰਚੇ ਹਨ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ‘ਚੋਂ ਕੱਢਣ ਨਾਲ ਸਿਆਸੀ ਤੌਰ ‘ਤੇ ਅਕਾਲੀ ਦਲ ਦਾ ਮਾੜਾ ਪ੍ਰਭਾਵ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਖ਼ਾਸ ਕਰਕੇ ਬਾਦਲ ਪਰਿਵਾਰ ਬਠਿੰਡਾ ਸੀਟ ‘ਤੇ ਪੂਰੀ ਤਰ੍ਹਾਂ ਫਸਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਇਸ ਡਰ ਤੋਂ ਮਲੂਕਾ ਖ਼ਿਲਾਫ਼ ਕਾਰਵਾਈ ਕਰਨ ਤੋਂ ਸੰਜਮ ਵਰਤ ਰਿਹਾ ਹੈ ਕਿ ਜੇਕਰ ਮਲੂਕਾ ਨੂੰ ਪਾਰਟੀ ‘ਚੋਂ ਕੱਢਿਆ ਗਿਆ, ਤਾਂ ਉਸ ਦਾ ਸਿੱਧਾ ਅਸਰ ਬਠਿੰਡਾ ਸੀਟ ‘ਤੇ ਪਵੇਗਾ, ਜਿਸ ਨਾਲ ਹਰਸਿਮਰਤ ਕੌਰ ਬਾਦਲ ਲਈ ਰਾਹ ਹੋਰ ਔਖੇ ਹੋ ਜਾਣੇ ਹਨ।