#INDIA

ਮਮਤਾ ਬੈਨਰਜੀ ਵੱਲੋਂ Congress ਨੂੰ ਹਿੰਦੀ ਭਾਸ਼ਾਈ ਸੂਬਿਆਂ ‘ਚ ਭਾਜਪਾ ਨਾਲ ਮੁਕਾਬਲਾ ਕਰਨ ਦੀ ਚੁਣੌਤੀ

ਕੋਲਕਾਤਾ, 2 ਫਰਵਰੀ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਿੱਖਾ ਹਮਲਾ ਬੋਲਦਿਆਂ ਅੱਜ ਕਾਂਗਰਸ ਨੂੰ ਹਿੰਦੀ ਭਾਸ਼ਾਈ ਸੂਬਿਆਂ ਵਿਚ ਭਾਜਪਾ ਨਾਲ ਮੁਕਾਬਲਾ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਕੀ ਸਭ ਤੋਂ ਪੁਰਾਣੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਵਿਚ 40 ਸੀਟ ਵੀ ਹਾਸਲ ਕਰ ਸਕੇਗੀ। ਬੈਨਰਜੀ ਨੇ ਕਾਂਗਰਸ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਵੀ ਆਲੋਚਨਾ ਕੀਤੀ, ਜੋ ਸੂਬਿਆਂ ਦੇ ਛੇ ਜ਼ਿਲ੍ਹਿਆਂ ਵਿਚੋਂ ਹੋ ਕੇ ਗੁਜ਼ਰੀ। ਉਨ੍ਹਾਂ ਨੇ ਇਸ ਦੀ ਤੁਲਨਾ ਸੂਬੇ ਵਿਚ ਆਏ ‘ਪ੍ਰਵਾਸੀ ਪੰਛੀਆਂ’ ਲਈ ‘ਮਹਿਜ਼ ਫੋਟੋ ਖਿੱਚਣ ਦੇ ਮੌਕੇ’ ਨਾਲ ਕੀਤੀ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ, ”ਮੈਂ ਤਜਵੀਜ਼ ਰੱਖੀ ਸੀ ਕਿ ਕਾਂਗਰਸ 300 ਸੀਟਾਂ ‘ਤੇ ਚੋਣਾਂ ਲੜੇ (ਦੇਸ਼ ਵਿਚ ਜਿੱਥੇ ਭਾਜਪਾ ਮੁੱਖ ਵਿਰੋਧੀ ਧਿਰ ਹੈ), ਪਰ ਉਨ੍ਹਾਂ ਨੇ ਇਸ ‘ਤੇ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ, ਉਹ ਮੁਸਲਿਮ ਵੋਟਰਾਂ ਨੂੰ ਆਪਣੇ ਪਾਲੇ ਵਿਚ ਕਰਨ ਲਈ ਸੂਬੇ ਵਿਚ ਆਏ ਹਨ। ਮੈਨੂੰ ਸ਼ੱਕ ਹੈ ਕਿ ਜੇਕਰ ਉਹ 300 ਸੀਟਾਂ ‘ਤੇ ਚੋਣ ਲੜਦੀ ਹੈ, ਤਾਂ ਕੀ ਉਹ 40 ਸੀਟ ਵੀ ਜਿੱਤ ਸਕੇਗੀ।