-ਕੋਲਕਾਤਾ ‘ਚ ਬੀ.ਜੇ.ਪੀ. ਦਫਤਰ ਦੇ ਬਾਹਰ ਸਿੱਖ ਭਾਈਚਾਰੇ ਵੱਲੋਂ ਪ੍ਰਦਰਸ਼ਨ
ਕੋਲਕਾਤਾ, 21 ਫਰਵਰੀ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਸਿੱਖ ਆਈ.ਪੀ.ਐੱਸ. ਅਫਸਰ ਨੂੰ ਆਪਣੀ ਡਿਊਟੀ ਦੌਰਾਨ ਭੀੜ ਵੱਲੋਂ ਖਾਲਿਸਤਾਨੀ ਕਹਿਣ ‘ਤੇ ਸਖਤ ਇਤਰਾਜ ਕੀਤਾ ਹੈ। ਉਨ੍ਹਾਂ ਇਕ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਭਾਜਪਾ ਨੇਤਾ ਇਕ ਦਸਤਾਰਧਾਰੀ ਆਈ.ਪੀ.ਐੱਸ. ਅਫਸਰ ਨੂੰ ਖਾਲਿਸਤਾਨੀ ਕਹਿ ਰਹੇ ਹਨ। ਇਸ ਦੇ ਜਵਾਬ ਵਿਚ ਅਫ਼ਸਰ ਕਹਿੰਦੇ ਹਨ- ”ਮੈਂ ਪਗੜੀ ਪਹਿਨੀ ਹੈ, ਇਸ ਲਈ ਤੁਸੀਂ ਅਜਿਹਾ ਕਹੋਗੇ। ਜੇਕਰ ਮੈਂ ਪਗੜੀ ਨਹੀਂ ਪਹਿਨੀ ਹੁੰਦੀ, ਤਾਂ ਕੀ ਤੁਸੀਂ ਮੈਨੂੰ ਖਾਲਿਸਤਾਨੀ ਕਹਿੰਦੇ? ਤੁਸੀਂ ਪੁਲਿਸ ਬਾਰੇ ਜੋ ਚਾਹੋ, ਕਹਿ ਸਕਦੇ ਹੋ, ਪਰ ਮੇਰੇ ਧਰਮ ‘ਤੇ ਕੁਮੈਂਟਸ ਨਾ ਕਰੋ।”
ਇਹ ਅਫਸਰ ਬੰਗਾਲ ਪੁਲਿਸ ਦੇ ਇੰਟੇਲੀਜੈਂਸ ਬਿਊਰੋ ਦੇ ਸਪੈਸ਼ਲ ਸੁਪਰਿੰਟੈਂਡੈਂਟ 2016 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਜਸਪ੍ਰੀਤ ਸਿੰਘ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਮਮਤਾ ਬੈਨਰਜੀ ਲਿਖਦੀ ਹੈ, ”ਅੱਜ ਭਾਜਪਾ ਅਨੁਸਾਰ ਹਰ ਦਸਤਾਰਧਾਰੀ ਵਿਅਕਤੀ ਖਾਲਿਤਸਾਨੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬੰਗਾਲ ਵਿਚ ਸਮੂਹ ਭਾਈਚਾਰੇ ਦੇ ਲੋਕਾਂ ਨੂੰ ਇੱਜ਼ਤ ਬਖਸ਼ਦੇ ਹਾਂ।”
ਘਟਨਾ ਦੇ ਵਿਰੋਧ ‘ਚ ਕੋਲਕਾਤਾ ਵਿਚ ਮੁਰਲੀਧਰ ਲੇਨ ਸਥਿਤ ਭਾਜਪਾ ਦੇ ਦਫਤਰ ਦੇ ਬਾਹਰ ਸਿੱਖ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਸਨੋਲ ਵਿਚ ਵੀ ਵਿਰੋਧ ਕੀਤਾ।
ਏ.ਡੀ.ਜੀ. ਅਤੇ ਆਈ.ਜੀ.ਪੀ. (ਸਾਊਥ ਬੰਗਾਲ) ਸੁਪ੍ਰੀਤਮ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਨਿੰਦਾਯੋਗ ਕਾਰਜ ਸੀ, ਜਿਸਦਾ ਉਦੇਸ਼ ਇੱਕ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨੂੰ ਅਪਮਾਨਿਤ ਕਰਨਾ ਸੀ। ਕਿਸੇ ਨੇ ਪਗੜੀ ਪਹਿਨ ਰੱਖੀ ਹੈ, ਤਾਂ ਤੁਸੀਂ ਉਸ ਵਿਅਕਤੀ ਨੂੰ ਖਾਲਿਸਤਾਨੀ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸਵੀਕਾਰ ਨਹੀਂ ਹੈ, ਲੋੜ ਪੈਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।