#PUNJAB

ਮਨੀ ਲਾਂਡਰਿੰਗ ਮਾਮਲਾ: ਈ.ਡੀ. ਵੱਲੋਂ ਭਾਰਤ ਭੂਸ਼ਣ ਆਸ਼ੂ ਦਾ ਕਰੀਬੀ ਗ੍ਰਿਫ਼ਤਾਰ

ਜਲੰਧਰ, 5 ਸਤੰਬਰ (ਪੰਜਾਬ ਮੇਲ)- ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦੇ ਕਥਿਤ ਕਰੀਬੀ ਰਾਜਦੀਪ ਨਾਗਰਾ ਨੂੰ ਈ.ਡੀ. ਨੇ ਟੈਂਡਰ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਨਾਗਰਾ ਨੂੰ ਖੰਨਾ ਜ਼ਿਲ੍ਹੇ ਸਮੇਤ ਸੂਬੇ ਦੇ ਚਾਰ ਕਾਰੋਬਾਰੀ ਅਤੇ ਰਿਹਾਇਸ਼ੀ ਸਥਾਨਾਂ ‘ਤੇ ਦਿਨ ਭਰ ਤਲਾਸ਼ੀ ਲੈਣ ਤੋਂ ਬਾਅਦ ਬੁੱਧਵਾਰ ਰਾਤ ਨੂੰ ਹਿਰਾਸਤ ‘ਚ ਲਿਆ ਗਿਆ। ਪੰਜਾਬ ਦੇ ਸਾਬਕਾ ਖਪਤਕਾਰ ਮਾਮਲੇ, ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਇਸ ਮਾਮਲੇ ਵਿੱਚ ਕੇਂਦਰੀ ਏਜੰਸੀ ਨੇ 1 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ।
ਮਨੀ-ਲਾਂਡਰਿੰਗ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਦੀ ਐੱਫ.ਆਈ.ਆਰ. ਤੋਂ ਸ਼ੁਰੂ ਹੋਈ ਹੈ, ਜੋ ਪੰਜਾਬ ਦੇ ਖੁਰਾਕ ਵਿਭਾਗ ਵਿਚ ਇੱਕ ਟੈਂਡਰ ਘਪਲੇ ਦੇ ਸਬੰਧ ਵਿਚ ਹੈ। ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਅਗਸਤ 2022 ਵਿਚ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਇੱਕ ਸਾਲ ਬਾਅਦ ਅਗਸਤ 2023 ਵਿਚ ਈ.ਡੀ. ਨੇ ਆਸ਼ੂ, ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਅਤੇ ਕੁਝ ਹੋਰਾਂ ਦੇ ਘਰ ਛਾਪਾ ਮਾਰਿਆ ਸੀ।