#INDIA

ਮਨੀਸ਼ ਸਿਸੋਦੀਆ ਨੂੰ ਪੰਜਾਬ ਤੋਂ ਰਾਜ ਸਭਾ ‘ਚ ਭੇਜੇ ਜਾਣ ਦੇ ਚਰਚੇ!

ਨਵੀਂ ਦਿੱਲੀ, 24 ਮਾਰਚ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ‘ਚ ਭੇਜਣ ਦੀ ਯੋਜਨਾ ਲਗਭਗ ਨਾਕਾਮ ਹੋ ਗਈ ਹੈ। ਇਸ ਲਈ ਹੁਣ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਦੇ ਕਰੀਬੀ ਮਨੀਸ਼ ਸਿਸੋਦੀਆ ਨੂੰ ਪੰਜਾਬ ਤੋਂ ਰਾਜ ਸਭਾ ‘ਚ ਭੇਜਿਆ ਜਾ ਸਕਦਾ ਹੈ। ਪਾਰਟੀ ਦੇ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੇ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਜਿੱਤ ਜਾਂਦੇ ਹਨ, ਤਾਂ ਰਾਜ ਸਭਾ ਦੀ ਸੀਟ ਖਾਲੀ ਹੋ ਸਕਦੀ ਹੈ।
ਸਿਸੋਦੀਆ ਨੂੰ ਕੇਜਰੀਵਾਲ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ। ਉਹ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। ਸਿਸੋਦੀਆ ਵਿਰੁੱਧ ਸ਼ਰਾਬ ਘਪਲੇ ਨਾਲ ਸਬੰਧਤ ਮਾਮਲੇ ਦਰਜ ਹਨ ਤੇ ਉਹ ਜੇਲ੍ਹ ਵੀ ਜਾ ਚੁਕੇ ਹਨ।
ਉਹ ਇਸ ਸਮੇਂ ਲਗਭਗ ਸਿਆਸੀ ਬਨਵਾਸ ‘ਚ ਹਨ। ਉਨ੍ਹਾਂ ਨੂੰ ਆਪਣੀ ਹੋਂਦ ਬਣਾਈ ਰੱਖਣ ਲਈ ਪਾਰਟੀ ਦੀ ਹਮਾਇਤ ਦੀ ਲੋੜ ਹੈ।
ਸੰਯੋਗ ਨਾਲ ਸਿਸੋਦੀਆ ਹੁਣ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਹਨ, ਜੋ ਕੇਜਰੀਵਾਲ ਲਈ ਵੀ ਅਹਿਮ ਹੈ। ਹਾਲਾਂਕਿ ‘ਆਪ’ ਦੇ ਸੂਤਰ ਇਸ ਬਾਰੇ ਚੁੱਪ ਹਨ ਕਿਉਂਕਿ ਇਸ ਨਾਲ ‘ਆਪ’ ਦੀ ਪੰਜਾਬ ਇਕਾਈ ‘ਚ ਉਲਝਨਾਂ ਪੈਦਾ ਹੋ ਸਕਦੀਆਂ ਹਨ।