ਇੰਫਾਲ, 17 ਨਵੰਬਰ (ਪੰਜਾਬ ਮੇਲ)- ਇੰਫਾਲ ਵਾਦੀ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਭੜਕੀ ਭੀੜ ਨੇ ਭਾਜਪਾ ਦੇ ਤਿੰਨ ਹੋਰ ਵਿਧਾਇਕਾਂ ਦੇ ਘਰ ਨੂੰ ਅੱਗ ਲਗਾ ਦਿੱਤਾ। ਇਨ੍ਹਾਂ ਵਿੱਚੋਂ ਇਕ ਸੀਨੀਅਰ ਮੰਤਰੀ ਹੈ। ਇਨ੍ਹਾਂ ਤੋਂ ਇਲਾਵਾ ਭੀੜ ਨੇ ਇਕ ਕਾਂਗਰਸੀ ਵਿਧਾਇਕ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ। ਇਸੇ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦੀ ਮਨੀਪੁਰ ਦੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਦੇ ਜੱਦੀ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਸ਼ਨਿਚਰਵਾਰ ਰਾਤ ਨੂੰ ਹੀ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਬਿਰੇਨ ਸਿੰਘ ਦੇ ਇੰਫਾਲ ਪੂਰਬੀ ਵਿੱਚ ਲੁਵਾਂਗਸ਼ੰਗਬਾਮ ’ਚ ਸਥਿਤ ਜੱਦੀ ਘਰ ਵੱਲ ਵਧੇ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ 200 ਮੀਟਰ ਦੂਰ ਰੋਕ ਲਿਆ। ਇਸ ਦੌਰਾਨ ਸੁਰੱਖਿਆ ਬਲਾਂ ਜਿਨ੍ਹਾਂ ਵਿੱਚ ਅਸਾਮ ਰਾਈਫਲਜ਼, ਬੀਐੱਸਐੱਫ ਤੇ ਸੂਬੇ ਦੀ ਪੁਲੀਸ ਦੇ ਜਵਾਨ ਸ਼ਾਮਲ ਸਨ, ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ ਗਈਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਦੌੜਾ ਦਿੱਤਾ। ਉਪਰੰਤ ਪ੍ਰਦਰਸ਼ਨਕਾਰੀਆਂ ਨੇ ਬਿਰੇਨ ਸਿੰਘ ਦੀ ਰਿਹਾਇਸ਼ ਵੱਲ ਜਾਂਦੀ ਸੜਕ ’ਤੇ ਟਾਇਰ ਸਾੜੇ।