ਪਟਿਆਲਾ, 18 ਦਸੰਬਰ (ਪੰਜਾਬ ਮੇਲ)- ਅੱਜ ਅਕਾਲੀ ਨੇਤਾ ਬਿਕਰਮ ਮਜੀਠੀਆ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਅੱਗੇ ਪੇਸ਼ ਹੋ ਗਿਆ। ਪੇਸ਼ ਹੋਣ ਤੋਂ ਪਹਿਲਾ ਪਟਿਆਲਾ ਦਾ ਆਈਜੀ ਦਫ਼ਤਰ ਪੁਲੀਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਦਰਜ ਕੀਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੁੱਛ ਪੜਤਾਲ ਲਈ ਮਜੀਠੀਆ ਨੂੰ ਅੱਜ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਪਟਿਆਲਾ ਵਿਖੇ ਸੱਦਿਆ ਗਿਆ ਹੈ।
ਉਸ ਦੀ ਆਮਦ ਤੋਂ ਪਹਿਲਾਂ ਹੀ ਇੱਥੇ ਵੱਡੀ ਗਿਣਤੀ ਅਕਾਲੀ ਵਰਕਰ ਪੁੱਜ ਗਏ, ਜਿਨ੍ਹਾਂ ਵਿੱਚ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਸਮੇਤ ਕਈ ਹੋਰਨਾਂ ਦੇ ਨਾਂ ਪ੍ਰਮੁੱਖ ਹਨ। ਆਈਜੀ ਦਫਤਰ ਦੇ ਆਲੇ ਦੁਆਲੇ ਸ਼ੇਰਾਂ ਵਾਲਾ ਗੇਟ, ਮਾਲ ਰੋਡ ਅਤੇ ਲਹਿਲ ਚੌਕ ਵਿੱਚ ਭਾਰੀ ਗਿਣਤੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਅੰਦਾਜੇ ਅਨੁਸਾਰ ਨਾਕਿਆਂ ’ਤੇ 500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਹਨ।
ਸਿੱਟ ਅੱਗੇ ਪੇਸ਼ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਆਖਿਆ ਕਿ ਸਿੱਟ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ ਤੇ ਉਹ ਚਾਹੁਣਗੇ ਕਿ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਟ ਦਾ ਨਵਾਂ ਮੁਖੀ ਲਾਇਆ ਜਾਵੇ, ਤਾਂ ਜੋ ਮੇਰੇ ਤੋਂ ਮੁੱਖ ਮੰਤਰੀ ਸਿੱਧੇ ਸਵਾਲ ਕਰ ਸਕਣ। ਮਜੀਠੀਆ ਨੇ ਇਹ ਵੀ ਆਖਿਆ ਕਿ ਇਸ ਸਿੱਟ ਦੇ ਮੈਂਬਰਾਂ ਵਜੋਂ ਮੁੱਖ ਮੰਤਰੀ ਦੇ ਓਐੱਸਡੀ ਰਾਜਵੀਰ ਸਿੰਘ ਘਰਾਚੋਂ ਅਤੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੂੰ ਵੀ ਸ਼ਾਮਲ ਕਰ ਲਿਆ ਜਾਵੇ। ਇਸ ਮੌਕੇ ਮਜੀਠੀਆ ਨੇ ਐਲਾਨ ਕੀਤਾ ਕਿ ਸ਼ਹੀਦੀ ਦਿਹਾੜੇ ਮਗਰੋਂ ਉਹ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਟੱਕਰਨਗੇ। ਸਰਕਾਰ ਉਸਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਪਰ ਉਹ ਸਰਕਾਰ ਦੀਆਂ ਅਜਿਹੀਆਂ ਧਮਕੀਆਂ ਤੋਂ ਡਰ ਕੇ ਮੁੱਖ ਮੰਤਰੀ ਦਾ ਟਾਕਰਾ ਕਰਨ ਤੋਂ ਪਿੱਛੇ ਨਹੀਂ ਹਟੇਗਾ।