ਜਲੰਧਰ, 2 ਜੂਨ (ਪੰਜਾਬ ਮੇਲ)- ਭ੍ਰਿਸ਼ਟਾਚਾਰ ਮਾਮਲੇ ਵਿਚ ਵਿਧਾਇਕ ਰਮਨ ਅਰੋੜਾ ਦੀ ਕੜੀ ਨਾਲ ਜੁੜੀ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਵੀ ਬੀਤੇ ਦਿਨੀਂ ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਮਾਂਡ ਖ਼ਤਮ ਹੋਣ ‘ਤੇ ਮਾਣਯੋਗ ਡਿਊਟੀ ਮੈਜਿਸਟ੍ਰੇਟ ਆਂਚਲ ਗੋਇਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਪੱਖਾਂ ਦੀ ਬਹਿਸ ਸੁਣਦੇ ਹੋਏ 14 ਦਿਨ ਲਈ ਜੂਡੀਸ਼ੀਅਲ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ। ਹੁਣ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਨੂੰ 28 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਥੇ ਜ਼ਿਕਰਯੋਗ ਹੈ ਕਿ ਵਿਧਾਇਕ ਰਮਨ ਅਰੋੜਾ ਨੂੰ ਵੀ ਬੀਤੇ ਦਿਨੀਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਉਸ ਦਾ ਰਿਮਾਂਡ ਦਿੱਤਾ ਸੀ। ਇਥੇ ਇਹ ਵੀ ਜ਼ਿਕਰਯੋਗ ਹੇ ਕਿ ਸੁਖਦੇਵ ਵਸ਼ਿੱਸ਼ਟ ਏ.ਟੀ.ਪੀ. ਨੂੰ ਅਦਾਲਤ ਪਹਿਲਾਂ ਹੀ 14 ਦਿਨਾਂ ਦੇ ਨਿਆਂਇਕ ਹਿਰਾਸਤ ‘ਚ ਭੇਜ ਚੁੱਕੀ ਹੈ। ਦੂਜੇ ਪਾਸੇ ਅਦਾਲਤ ਵਿਚ ਕੁਝ ਲੋਕਾਂ ਵੱਲੋਂ ਬਿਆਨ ਵੀ ਦਰਜ ਕਰਵਾਏ ਗਏ ਹਨ। ਦਰਅਸਲ ਵਿਧਾਇਕ ਰਮਨ ਅਰੋੜਾ ਦੇ ਵਿਰੁੱਧ ਨਵੀਆਂ ਬਣਿਆਂ ਬਿਲਡਿੰਗਾਂ ਅਤੇ ਕਿਸੇ ਦੀ ਬਦਲੀ ਕਰਵਾਉਣ ਅਤੇ ਹੋਰ ਕਈ ਕੰਮ ਕਰਵਾਉਣ ਸਬੰਧੀ ਲੋਕਾਂ ਨੂੰ ਨੋਟਿਸ ਕੱਢ ਕੇ ਪੈਸਿਆਂ ਦੀ ਡੀਲ ਕਰਦੇ ਸੀ ਅਤੇ ਜਿਹੜੇ ਪੈਸੇ ਨਹੀਂ ਭਰਦੇ ਸੀ, ਉਨ੍ਹਾਂ ਨੂੰ ਡਰਾਉਂਦੇ ਧਮਕਾਉਂਦੇ ਸਨ, ਜਿਸ ਕਾਰਨ ਮਜਬੂਰਨ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਸਨ, ਉਨ੍ਹਾਂ ਲੋਕਾਂ ਨੇ ਆਪਣੇ 164 ਦੇ ਬਿਆਨ ਵੀ ਦਰਜ ਕਰਵਾਏ ਹਨ।
ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਜੇਲ੍ਹ ਭੇਜਿਆ
