#INDIA

ਭੋਪਾਲ ‘ਚ ਲੋਕ ਸਭਾ ਸੀਟ ਲਈ ਨਾਮਜ਼ਦਗੀ ਭਰਨ ਲਈ 24 ਹਜ਼ਾਰ ਰੁਪਏ ਦੀ ਭਾਨ ਲੈ ਕੇ ਪਹੁੰਚਿਆ ਉਮੀਦਵਾਰ

-ਪੋਲਿੰਗ ਕਰਮਚਾਰੀ ਦੇ ਛੁੱਟੇ ਪਸੀਨੇ
ਭੋਪਾਲ, 19 ਅਪ੍ਰੈਲ (ਪੰਜਾਬ ਮੇਲ)- ਭੋਪਾਲ ਲੋਕ ਸਭਾ ਸੀਟ ਲਈ ਨਾਮਜ਼ਦਗੀ ਦੀ ਪ੍ਰਕਿਰਿਆ ਦੌਰਾਨ ਮਾਨਵ ਸਮਾਧਾਨ ਪਾਰਟੀ ਦੇ ਉਮੀਦਵਾਰ ਸੰਜੇ ਕੁਮਾਰ ਨਾਮਜ਼ਦਗੀ ਦਾਖ਼ਲ ਕਰਨ ਲਈ ਜ਼ਮਾਨਤ ਰਾਸ਼ੀ ਦੇ ਰੂਪ ‘ਚ 24,000 ਰੁਪਏ ਦੀ ਭਾਨ ਇਕ ਬੋਰੀ ਵਿਚ ਭਰ ਕੇ ਲੈ ਆਇਆ। ਇਸ ਨੂੰ ਗਿਣਨ ਵਿਚ ਪੋਲਿੰਗ ਵਰਕਰਾਂ ਦੇ ਵੀ ਪਸੀਨੇ ਛੁੱਟ ਗਏ। ਜ਼ਿਕਰਯੋਗ ਹੈ ਕਿ ਨਾਮਜ਼ਦਗੀ ਸਮੇਂ ਉਮੀਦਵਾਰ ਨੂੰ 25 ਹਜ਼ਾਰ ਰੁਪਏ ਦੀ ਜ਼ਮਾਨਤ ਜਮ੍ਹਾਂ ਕਰਵਾਉਣੀ ਪੈਂਦੀ ਹੈ। ਅਜਿਹੇ ਵਿਚ ਇਹ ਵਿਅਕਤੀ 24,000 ਰੁਪਏ ਦੀ ਭਾਨ ਅਤੇ ਇਕ ਹਜ਼ਾਰ ਰੁਪਏ ਦਾ ਨੋਟ ਲੈ ਕੇ ਨਾਮਜ਼ਦਗੀ ਕਰਾਉਣ ਪਹੁੰਚਿਆ ਸੀ। ਸੰਜੇ ਕੁਮਾਰ ਰਿਟਰਨਿੰਗ ਅਧਿਕਾਰੀ ਦੇ ਦਫਤਰ ਪਹੁੰਚੇ, ਤਾਂ ਉਨ੍ਹਾਂ ਦੇ ਕੋਲ ਬੋਰੀ ਵਿਚ ਇਕ, ਦੋ, ਪੰਜ ਅਤੇ ਦੱਸ ਰੁਪਏ ਦੇ ਸਿੱਕੇ ਸਨ।
ਇਸ ਤੋਂ ਬਾਅਦ ਮੁਲਾਜ਼ਮਾਂ ਨੇ ਭਾਨ ਗਿਣਨੀ ਸ਼ੁਰੂ ਕੀਤੀ, ਜਿਸ ਵਿਚ ਉਨ੍ਹਾਂ ਨੂੰ ਅੱਧੇ ਘੰਟੇ ਤੋਂ ਵੀ ਵੱਧ ਸਮਾਂ ਲੱਗ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਐੱਸ.ਯੂ.ਸੀ.ਆਈ. ਦੇ ਉਮੀਦਵਾਰ ਮੁਦ੍ਰਿਤ ਭਟਨਾਗਰ ਵੀ ਜ਼ਮਾਨਤ ਰਾਸ਼ੀ ਲਈ 6 ਹਜ਼ਾਰ ਰੁਪਏ ਦੀ ਭਾਨ ਲੈ ਕੇ ਪਹੁੰਚੇ ਸਨ। ਸਿੱਕਿਆਂ ਨੂੰ ਗਿਣਨ ਵਿਚ ਕਰਮਚਾਰੀਆਂ ਨੂੰ 1 ਘੰਟੇ ਦਾ ਸਮਾਂ ਲੱਗਾ ਸੀ। ਫਿਲਹਾਲ ਭੋਪਾਲ ਲੋਕ ਸਭਾ ਸੀਟ ‘ਤੇ ਨਾਮਜ਼ਦਗੀ ਪੱਤਰ ਲੈਣ ਅਤੇ ਉਸ ਨੂੰ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਉਮੀਦਵਾਰਾਂ ਕੋਲ 19 ਅਪ੍ਰੈਲ ਦੁਪਹਿਰ ਤਿੰਨ ਵਜੇ ਤੱਕ ਨਾਮਜ਼ਦਗੀ ਦਾਖਲ ਕਰਨ ਦਾ ਸਮਾਂ ਹੈ। ਨਾਮਜ਼ਦਗੀ ਸਿਰਫ ਹੁਣ 18 ਅਤੇ 19 ਅਪ੍ਰੈਲ ਨੂੰ ਜਮਾਂ ਕੀਤੇ ਜਾ ਸਕਣਗੇ।
ਸੰਜੇ ਮੁਤਾਬਕ ਉਹ ਭੋਪਾਲ ਵਿਚ ਕਈ ਸਾਲਾਂ ਤੋਂ ਰਿਕਸ਼ਾ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਛੋਟੇ ਭਰਾ ਜੂਸ ਦੀ ਦੁਕਾਨ ਚਲਾਉਂਦੇ ਹਨ। ਕੋਵਿਡ ਕਾਲ ਵਿਚ ਉਨ੍ਹਾਂ ਨੂੰ ਮਿਲਣ ਵਾਲੀ ਭਾਨ ਨੂੰ ਉਹ ਬੋਰੀਆਂ ਵਿਚ ਇਕੱਠਾ ਕਰਦੇ ਰਹੇ ਅਤੇ ਹੁਣ ਜਦੋਂ ਉਨ੍ਹਾਂ ਦਾ ਮਾਨਵ ਸਮਾਧਾਨ ਪਾਰਟੀ ਤੋਂ ਲੋਕ ਸਭਾ ਉਮੀਦਵਾਰ ਦੇ ਤੌਰ ‘ਤੇ ਉਤਾਰਿਆ ਗਿਆ ਹੈ, ਤਾਂ ਉਹ ਇਕੱਠੀ ਕੀਤੀ ਗਈ ਭਾਨ ਲੈ ਕੇ ਨਾਮਜ਼ਦਗੀ ਫਾਰਮ ਭਰਨ ਲਈ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਕਈ ਥਾਂ ਭਾਨ ਲੋਕ ਨਹੀਂ ਲੈਂਦੇ, ਇਸ ਲਈ ਉਹ ਲਗਾਤਾਰ ਆਪਣੇ ਘਰ ਵਿਚ ਅਤੇ ਬੋਰੀਆਂ ਵਿਚ ਭਰ ਕੇ ਰੱਖਦੇ ਰਹੇ।