-ਹੋਰ ਥਾਈਂ ਵੀ ਦੇਖਣ ਨੂੰ ਮਿਲੀ ਕਸ਼ਮੀਰੀ ਮਹਿਮਾਨ-ਨਿਵਾਜ਼ੀ ਦੇ ਨਜ਼ਾਰੇ
ਸ੍ਰੀਨਗਰ, 28 ਦਸੰਬਰ (ਪੰਜਾਬ ਮੇਲ)- ਕਸ਼ਮੀਰੀ ਮਹਿਮਾਨਨਿਵਾਜ਼ੀ ਦੇ ਦਿਲ ਨੂੰ ਛੂਹ ਲੈਣ ਵਾਲੇ ਮੁਜ਼ਾਹਰੇ ਵਿਚ ਸ੍ਰੀਨਗਰ-ਸੋਨਮਰਗ ਹਾਈਵੇਅ ‘ਤੇ ਗੁੰਡ ਦੇ ਸਥਾਨਕ ਲੋਕਾਂ ਨੇ ਭਾਰੀ ਬਰਫ਼ਬਾਰੀ ਕਾਰਨ ਫਸੇ ਸੈਲਾਨੀਆਂ ਦੇ ਇੱਕ ਸਮੂਹ ਨੂੰ ਪਨਾਹ ਦੇਣ ਲਈ ਇੱਕ ਮਸਜ਼ਿਦ ਦੇ ਦਰਵਾਜ਼ੇ ਖੋਲ੍ਹ ਦਿੱਤੇ। ਗ਼ੌਰਤਲਬ ਹੈ ਕਿ ਜੰਮੂ-ਕਸ਼ਮੀਰ ਵਿਚ ਹੋ ਰਹੀ ਭਾਰੀ ਬਰਫ਼ਬਾਰੀ ਦੌਰਾਨ ਪੰਜਾਬ ਦੇ ਇੱਕ ਦਰਜਨ ਦੇ ਕਰੀਬ ਸੈਲਾਨੀ ਸ਼ੁੱਕਰਵਾਰ ਨੂੰ ਸੋਨਮਰਗ ਖੇਤਰ ਤੋਂ ਵਾਪਸ ਆਉਂਦੇ ਸਮੇਂ ਬਰਫ਼ਬਾਰੀ ਵਿਚ ਫਸ ਗਏ ਸਨ।
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਵਾਹਨ ਬਰਫ਼ ਵਿਚ ਫਸ ਗਏ ਅਤੇ ਨੇੜਲੇ ਹੋਟਲ ਤੇ ਸਥਾਨਕ ਘਰ ਉਨ੍ਹਾਂ ਨੂੰ ਸਾਂਭਣ ਲਈ ਬਹੁਤ ਛੋਟੇ ਹੋਣ ਕਰਕੇ ਗੁੰਡ ਨਿਵਾਸੀਆਂ ਨੇ ਉਨ੍ਹਾਂ ਲਈ ਜਾਮੀਆ ਮਸਜ਼ਿਦ ਦੇ ਦਰਵਾਜ਼ੇ ਖੋਲ੍ਹ ਦਿੱਤੇ, ਜਿਸ ਨਾਲ ਸੈਲਾਨੀਆਂ ਨੇ ਯਖ਼ ਠੰਢੀ ਰਾਤ ਇਨਸਾਨੀਅਤ ਦੇ ਇਸ ਨਿੱਘ ਵਿਚ ਕੱਟੀ।
ਇੱਕ ਮੁਕਾਮੀ ਬਾਸ਼ਿੰਦੇ ਬਸ਼ੀਰ ਅਹਿਮਦ ਨੇ ਕਿਹਾ ਕਿ ਇਹੋ ਸਭ ਤੋਂ ਵਧੀਆ ਸੰਭਵ ਹੱਲ ਸੀ ਕਿਉਂਕਿ ਮਸਜ਼ਿਦ ਵਿਚ ਇੱਕ ਹਮਾਮ ਹੈ, ਜੋ ਰਾਤ ਭਰ ਗਰਮ ਰਹਿੰਦਾ ਹੈ। ਗੁੰਡ ਵਿਖੇ ਜਾਮੀਆ ਮਸਜ਼ਿਦ ਗਗਨਗੀਰ ਵਿਚ ਹੋਏ ਅੱਤਵਾਦੀ ਹਮਲੇ ਵਾਲੀ ਥਾਂ ਤੋਂ 10 ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਸਥਿਤ ਹੈ, ਜਿੱਥੇ ਇਸ ਸਾਲ ਅਕਤੂਬਰ ਵਿਚ ਛੇ ਲੋਕ – ਪੰਜ ਗੈਰ-ਮੁਕਾਮੀ ਮਜ਼ਦੂਰ ਅਤੇ ਇੱਕ ਸਥਾਨਕ ਡਾਕਟਰ – ਮਾਰੇ ਗਏ ਸਨ।
ਮਸਜ਼ਿਦ ਦੇ ਅੰਦਰ ਰਾਤ ਬਿਤਾਉਣ ਵਾਲੇ ਸੈਲਾਨੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ ਹੈ। ਸੈਲਾਨੀਆਂ ਨੇ ਸਥਾਨਕ ਲੋਕਾਂ ਦੀ ਮਦਦ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਕ ਸੈਲਾਨੀ ਆਖ ਰਿਹਾ ਹੈ, ”ਅਸੀਂ ਬਰਫ਼ ਵਿਚ ਫਸ ਗਏ ਸੀ ਅਤੇ ਤੁਸੀਂ ਸਾਡੀ ਮਦਦ ਲਈ ਆਏ। ਅਸੀਂ ਤੁਹਾਡੇ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ।”
ਇੱਕ ਹੋਰ ਸੈਲਾਨੀ ਨੇ ਕਿਹਾ, ”ਹਰ ਕਿਸੇ ਨੂੰ ਕਸ਼ਮੀਰ ਦੀ ਮਹਿਮਾਨ ਨਿਵਾਜ਼ੀ ਮਾਨਣ ਲਈ ਜਾਣਾ ਚਾਹੀਦਾ ਹੈ। ਇੱਥੇ ਹਰ ਕੋਈ ਦਿਆਲੂ ਹੈ ਅਤੇ ਉਥੇ ਜਾਣਾ ਸੁਰੱਖਿਅਤ ਹੈ। ਕਿਰਪਾ ਕਰਕੇ ਧਰਤੀ ‘ਤੇ ਇਸ ਸਵਰਗ ਵਿਚ ਆਓ।”
ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੇ ਵੀ ਇਸ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭਾਰੀ ਬਰਫ਼ਬਾਰੀ ਦੇ ਵਿਚਕਾਰ ਕਸ਼ਮੀਰੀਆਂ ਨੂੰ ਫਸੇ ਸੈਲਾਨੀਆਂ ਲਈ ਆਪਣੀਆਂ ਮਸਜ਼ਿਦਾਂ ਅਤੇ ਘਰ ਖੋਲ੍ਹਦੇ ਦੇਖਣਾ ਦਿਲ ਨੂੰ ਛੂਹ ਗਿਆ। ਮੀਰਵਾਇਜ਼ ਨੇ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਪਾਈ ਇਕ ਪੋਸਟ ਵਿਚ ਕਿਹਾ, ”ਨਿੱਘ ਅਤੇ ਇਨਸਾਨੀਅਤ ਦੀ ਇਹ ਕਾਰਵਾਈ ਮਹਿਮਾਨ ਨਿਵਾਜ਼ੀ ਅਤੇ ਲੋੜ ਦੇ ਸਮੇਂ ਦੂਜਿਆਂ ਦੀ ਮਦਦ ਕਰਨ ਦੀ ਸਾਡੀ ਮੁੱਦਤਾਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਦਰਸਾਉਂਦੀ ਹੈ।”
ਪੀ.ਡੀ.ਪੀ. ਨੇਤਾ ਇਲਤਿਜਾ ਮੁਫਤੀ ਨੇ ਵੀ ਸੋਸ਼ਲ ਮੀਡੀਆ ‘ਤੇ ਫਸੇ ਸੈਲਾਨੀਆਂ ਲਈ ਸਥਾਨਕ ਲੋਕਾਂ ਦੁਆਰਾ ਨਿਭਾਏ ਗਏ ‘ਇਨਸਾਨੀ’ ਫ਼ਰਜ਼ ਦੀ ਸ਼ਲਾਘਾ ਕੀਤੀ ਹੈ। ਇਲਤਿਜਾ ਨੇ ਐਕਸ ‘ਤੇ ਪੋਸਟ ਕੀਤਾ, ”ਗੰਦਰਬਲ ਵਿਚ ਫਸੇ ਸੈਲਾਨੀਆਂ ਨੂੰ ਕੱਲ੍ਹ ਰਾਤ ਇੱਕ ਮਸਜ਼ਿਦ ਵਿਚ ਇੱਕ ਅਚਾਨਕ ਪਰ ਨਿੱਘੀ ਪਨਾਹ ਮਿਲੀ। ਕਸ਼ਮੀਰੀ ਸਿਰਫ਼ ਇਨਸਾਨ ਹੀ ਨਹੀਂ, ਸਗੋਂ ਇਨਸਾਨੀਅਤ ਵਾਲੇ ਵੀ ਹਨ। ਮੈਂ ਚਾਹੁੰਦੀ ਹਾਂ ਕਿ ਮੀਡੀਆ ਉਨ੍ਹਾਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਪ੍ਰਚਾਰਨਾ ਬੰਦ ਕਰ ਦੇਵੇ, ਜੋ ਅੱਖਾਂ ਵਿਚ ਰੜਕਦੀਆਂ ਹਨ ਅਤੇ ਇਸ ਦੀ ਬਜਾਏ ਇਹ ਉਜਾਗਰ ਕਰੇ ਕਿ ਕਸ਼ਮੀਰੀ ਸੱਚਮੁੱਚ ਕਿੰਨੇ ਮਹਿਮਾਨ-ਨਿਵਾਜ਼ ਵਾਲੇ ਹਨ।”
ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਹੋਰ ਵੀਡੀਓ ਵਿਚ ਗੰਦਰਬਲ ਜ਼ਿਲ੍ਹੇ ਦੇ ਕੰਗਨ ਖੇਤਰ ਵਿਚ ਇੱਕ ਸਥਾਨਕ ਪਰਿਵਾਰ ਵੱਲੋਂ ਔਰਤਾਂ ਅਤੇ ਬੱਚਿਆਂ ਸਮੇਤ ਕਈ ਸੈਲਾਨੀ ਪਰਿਵਾਰਾਂ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ, ਜਦੋਂ ਉਹ ਬਰਫ਼ਬਾਰੀ ਕਾਰਨ ਫਸ ਗਏ ਸਨ। ਸੈਲਾਨੀ ਆਪਣੇ ਮੇਜ਼ਬਾਨਾਂ ਦੀ ਪ੍ਰਸ਼ੰਸਾ ਨਾਲ ਭਰੇ ਹੋਏ ਇਹ ਕਹਿੰਦੇ ਦੇਖੇ ਗਏ, ”ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿਚ ਸਾਡੀ ਮਦਦ ਕੀਤੀ। ਉਹ ਸਾਡੇ ਲਈ ਦੇਵਤਿਆਂ ਵਾਂਗ ਹਨ।”
ਦੱਸਣਯੋਗ ਹੈ ਕਿ ਸ਼ਨਿੱਚਰਵਾਰ ਨੂੰ ਵੀ ਕਸ਼ਮੀਰ ਭਰ ‘ਚ ਭਾਰੀ ਬਰਫ਼ਬਾਰੀ ਜਾਰੀ ਰਹੀ। ਇਸ ਕਾਰਨ ਵੱਖ-ਵੱਖ ਥਾਈਂ ਸੈਂਕੜੇ ਸੈਲਾਨੀ ਸ੍ਰੀਨਗਰ-ਜੰਮੂ ਹਾਈਵੇਅ ਅਤੇ ਦੁੱਧਪਥਰੀ ਵਰਗੇ ਸੈਰ-ਸਪਾਟਾ ਕੇਂਦਰਾਂ ‘ਤੇ ਫਸ ਹੋਏ ਦੱਸੇ ਜਾਂਦੇ ਹਨ। ਜਾਣਕਾਰੀ ਮੁਤਾਬਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਫਸੇ ਹੋਏ ਸੈਲਾਨੀਆਂ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਨੂੰ ਗਰਮ ਪੀਣ ਵਾਲੇ ਪਦਾਰਥ ਅਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੜਕ ਤੋਂ ਬਰਫ਼ ਨੂੰ ਸਾਫ਼ ਕਰਨ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ।