ਨਵੀਂ ਦਿੱਲੀ, 18 ਮਾਰਚ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਪੂਰਬੀ ਦਿੱਲੀ ਤੋਂ ਇਕ ਨਾਬਾਲਗ ਸਣੇ 7 ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਿਆ ਹੈ ਤੇ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਹਿਰਾਸਤ ‘ਚ ਲਏ ਗਏ 7 ਬੰਗਲਾਦੇਸ਼ੀ ਪ੍ਰਵਾਸੀਆਂ ਦੀ ਪਛਾਣ ਦਿਲਾਵਰ ਖ਼ਾਨ (48), ਬਿਊਟੀ ਬੇਗਮ (39), ਰਫੀਕੁਲ (43), ਤੌਹੀਦ (20), ਜ਼ਾਕਿਰ ਮਲਿਕ (40) ਤੇ 15 ਸਾਲਾ ਨਾਬਾਲਗ ਕੁੜੀ ਵਜੋਂ ਹੋਈ ਹੈ, ਜੋ ਕਿ ਕਥਿਤ ਰੂਪ ‘ਚ ਨਦੀ ਦੇ ਰਸਤਿਓਂ ਭਾਰਤ ‘ਚ ਦਾਖਲ ਹੋਏ ਸਨ।
ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਧਾਨੀਆ ਨੇ ਕਿਹਾ ਕਿ ਉਕਤ ਬੰਗਲਾਦੇਸ਼ੀ ਦਿੱਲੀ ਤੇ ਗਾਜ਼ੀਆਬਾਦ ਦੇ ਇਲਾਕਿਆਂ ‘ਚ ਰਹਿ ਰਹੇ ਸਨ। ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਦੀ ਮਦਦ ਨਾਲ ਉਨ੍ਹਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਪੁਲਿਸ ਨੇ 16 ਮਾਰਚ ਨੂੰ ਮਿਲੀ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਕ੍ਰਿਸ਼ਨਾ ਨਗਰ ਇਲਾਕੇ ਤੋਂ ਦਿਲਾਵਰ ਖ਼ਾਨ ਨਾਂ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ। ਉਸ ਨੇ ਪਹਿਲਾਂ ਤਾਂ ਖ਼ੁਦ ਨੂੰ ਪੱਛਮੀ ਬੰਗਾਲ ਦਾ ਵਾਸੀ ਦੱਸਿਆ, ਪਰ ਸਖ਼ਤੀ ਨਾਲ ਪੁੱਛਗਿੱਛ ਕਰਨ ਮਗਰੋਂ ਉਸ ਨੇ ਬੰਗਲਾਦੇਸ਼ੀ ਹੋਣ ਦੀ ਗੱਲ ਮੰਨ ਲਈ। ਇਸ ਮਗਰੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਲਾਕੇ ‘ਚ ਰਹਿੰਦੇ 6 ਹੋਰ ਬੰਗਲਾਦੇਸ਼ੀ ਲੋਕਾਂ ਨੂੰ ਵੀ ਕਾਬੂ ਕਰ ਲਿਆ।
ਧਾਨੀਆ ਨੇ ਦੱਸਿਆ ਕਿ ਦਿੱਲੀ ਦੇ ਲਕਸ਼ਮੀ ਨਗਰ, ਲਾਜਪਤ ਨਗਰ, ਕ੍ਰਿਸ਼ਨਾ ਨਗਰ, ਸੀਮਾਪੁਰੀ ਇਲਾਕੇ ਤੋਂ ਇਲਾਵਾ ਗਾਜ਼ੀਆਬਾਦ ਦੇ ਸ਼ਾਲੀਮਾਰ ਗਾਰਡਨ ‘ਚ ਕੀਤੀ ਗਈ ਛਾਪੇਮਾਰੀ ਦੌਰਾਨ 6 ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਰਾਜਧਾਨੀ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਇਹ ਅਭਿਆਨ ਪਿਛਲੇ ਸਾਲ ਦਸੰਬਰ ‘ਚ ਸ਼ੁਰੂ ਹੋਇਆ ਸੀ ਤੇ ਫਰਵਰੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਤੇ ਹੋਰ ਆਗੂਆਂ ਨਾਲ ਹੋਈ ਮੁਲਾਕਾਤ ਮਗਰੋਂ ਇਹ ਕਾਰਵਾਈ ਹੋਰ ਤੇਜ਼ ਕਰ ਦਿੱਤੀ ਗਈ ਸੀ, ਜਿਸ ਮਗਰੋਂ ਪੁਲਿਸ ਨੇ 7 ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।
ਭਾਰਤ ਸਰਕਾਰ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਰੇਗੀ ਡਿਪੋਰਟ!
