#EUROPE

ਭਾਰਤ ਵੱਲੋਂ ਰਵਾਇਤੀ ਹਥਿਆਰ ਨਿਯੰਤਰਣ ‘ਤੇ ਪਾਕਿਸਤਾਨ ਦੇ ਮਤੇ ਦੇ ਵਿਰੁੱਧ ਵੋਟ

ਸੰਯੁਕਤ ਰਾਸ਼ਟਰ, 8 ਨਵੰਬਰ (ਪੰਜਾਬ ਮੇਲ)- ਭਾਰਤ ਨੇ ‘ਖੇਤਰੀ ਅਤੇ ਉਪ ਖੇਤਰੀ ਪੱਧਰ ‘ਤੇ ਰਵਾਇਤੀ ਹਥਿਆਰ ਕੰਟਰੋਲ’ ਦੇ ਵਿਸ਼ੇ ‘ਤੇ ਪਾਕਿਸਤਾਨ ਦੇ ਮਤੇ ਦੇ ਖਿਲਾਫ ਵੋਟ ਕੀਤੀ। ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਥਮ ਕਮੇਟੀ ‘ਚ ‘ਖੇਤਰੀ ਅਤੇ ਉਪ-ਖੇਤਰੀ ਪੱਧਰ ‘ਤੇ ਰਵਾਇਤੀ ਹਥਿਆਰ ਕੰਟਰੋਲ’ ‘ਤੇ ਪਾਕਿਸਤਾਨ ਅਤੇ ਸੀਰੀਆ ਦੇ ਮਤੇ ਨੂੰ ਰਿਕਾਰਡ ਵੋਟਾਂ ਨਾਲ ਪਾਸ ਕੀਤਾ ਗਿਆ।
ਮਤੇ ਦੇ ਹੱਕ ਵਿਚ 179 ਮੈਂਬਰਾਂ ਨੇ ਵੋਟ ਦਿੱਤੀ, ਇਜ਼ਰਾਈਲ ਨੇ ਵੋਟਿੰਗ ‘ਚ ਹਿੱਸਾ ਨਹੀਂ ਲਿਆ, ਉਥੇ ਹੀ ਭਾਰਤ ਹੀ ਅਜਿਹਾ ਦੇਸ਼ ਸੀ, ਜਿਸ ਨੇ ਮਤੇ ਦੇ ਵਿਰੋਧ ਵਿਚ ਵੋਟ ਪਾਈ। ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਥਮ ਕਮੇਟੀ ਨਿਸ਼ਸਤਰੀਕਰਨ, ਗਲੋਬਲ ਚੁਣੌਤੀਆਂ ਅਤੇ ਸ਼ਾਂਤੀ ਲਈ ਖਤਰਿਆਂ ਨਾਲ ਸਬੰਧਤ ਮਾਮਲਿਆਂ ਨਾਲ ਨਜਿੱਠਦੀ ਹੈ। ਮਤੇ ਵਿਚ ”ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿਚ ਰਵਾਇਤੀ ਹਥਿਆਰ ਨਿਯੰਤਰਣ ਦੀ ਮਹੱਤਵਪੂਰਨ ਭੂਮਿਕਾ” ਨੂੰ ਸਵੀਕਾਰ ਕੀਤਾ ਗਿਆ।