ਬਾਲਾਸੋਰ (ਉੜੀਸਾ), 13 ਸਤੰਬਰ (ਪੰਜਾਬ ਮੇਲ)- ਭਾਰਤ ਨੇ ਅੱਜ ਉੜੀਸਾ ਤੱਟ ‘ਤੇ ਚਾਂਦੀਪੁਰ ਸਥਿਤ ਏਕੀਕ੍ਰਿਤ ਪਰੀਖਣ ਰੇਂਜ (ਆਈ.ਟੀ.ਆਰ.) ਤੋਂ ਲਗਾਤਾਰ ਦੂਜੇ ਦਿਨ ‘ਵਰਟੀਕਲ ਲਾਂਚ ਸ਼ਾਰਟ ਰੇਂਜ ਸਰਫੇਸ ਟੂ ਏਅਰ ਮਿਜ਼ਾਈਲ’ (ਵੀ.ਐੱਲ.ਐੱਸ.ਆਰ.ਐੱਸ.ਏ.ਐੱਮ.) ਦਾ ਸਫਲ ਪਰੀਖਣ ਕੀਤਾ। ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ.ਆਰ.ਡੀ.ਓ.) ਦੇ ਇਕ ਬਿਆਨ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 12 ਤੇ 13 ਸਤੰਬਰ ਨੂੰ ਹੋਏ ਦੋਵੇਂ ਪਰੀਖਣ ਸਫ਼ਲ ਰਹੇ। ਬਿਆਨ ਮੁਤਾਬਕ, ”ਦੋਵੇਂ ਪਰੀਖਣਾਂ ਵਿਚ ਮਿਜ਼ਾਈਲ ਨੇ ‘ਸੀ ਸਕਿਮਿੰਗ’ ਹਵਾਈ ਟੀਚੇ ਦਾ ਪਿੱਛਾ ਕਰਦੇ ਹੋਏ ਤੇਜ਼ ਰਫ਼ਤਾਰ ਤੇ ਘੱਟ ਉਚਾਈ ਵਾਲੇ ਹਵਾਈ ਟੀਚੇ ਨੂੰ ਸਫ਼ਲਤਾਪੂਰਵਕ ਭੇਦ ਦਿੱਤਾ।” ਬਾਲਾਸੋਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰ ਕੇ ਆਈ.ਟੀ.ਆਰ. ਲਾਂਚ ਪੈਡ 3 ਦੇ ਢਾਈ ਕਿਲੋਮੀਟਰ ਦੇ ਦਾਇਰੇ ਵਿਚ ਛੇ ਪਿੰਡਾਂ ਦੇ 3100 ਵਸਨੀਕਾਂਨੂੰ ਅਸਥਾਈ ਤੌਰ ‘ਤੇ ਦੂਜੀ ਜਗ੍ਹਾ ਪਹੁੰਚਾਇਆ।