#Featured

ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਲਈ evisa ਸੇਵਾਵਾਂ ਬਹਾਲ

-ਦੋ ਮਹੀਨਿਆਂ ਮਗਰੋਂ ਕੈਨੇਡੀਅਨ ਨਾਗਰਿਕਾਂ ਨੂੰ ਮਿਲੀ ਰਾਹਤ
ਨਵੀਂ ਦਿੱਲੀ, 23 ਨਵੰਬਰ (ਪੰਜਾਬ ਮੇਲ)- ਗਰਮਖ਼ਿਆਲੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਕਾਰ ਪੈਦਾ ਹੋਏ ਤਣਾਅ ਦਰਮਿਆਨ ਨਵੀਂ ਦਿੱਲੀ ਨੇ ਕੈਨੇਡੀਅਨ ਨਾਗਰਿਕਾਂ ਲਈ ਇਲੈਕਟ੍ਰਾਨਿਕ ਵੀਜ਼ਾ ਸੇਵਾਵਾਂ ਕਰੀਬ ਦੋ ਮਹੀਨਿਆਂ ਮਗਰੋਂ ਬਹਾਲ ਕਰ ਦਿੱਤੀਆਂ ਹਨ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਮੁਲਕਾਂ ਵਿਚਕਾਰ ਸਬੰਧ ਕੁਝ ਹੱਦ ਤੱਕ ਸੁਧਰਨੇ ਸ਼ੁਰੂ ਹੋ ਗਏ ਹਨ। ਪਿਛਲੇ ਮਹੀਨੇ ਕੁਝ ਸ਼ਰਤਾਂ ਤਹਿਤ ਖਾਸ ਚਾਰ ਵਰਗਾਂ ਲਈ ਵੀਜ਼ਾ ਸੇਵਾਵਾਂ ਚਾਲੂ ਕਰ ਦਿੱਤੀਆਂ ਗਈਆਂ ਸਨ ਪਰ ਆਮ ਵਰਤੇ ਜਾਣ ਵਾਲੇ ਈ-ਵੀਜ਼ੇ ਦੀ ਸੇਵਾ ਬਹਾਲ ਨਹੀਂ ਕੀਤੀ ਗਈ ਸੀ।
ਭਾਰਤ ਨੇ ਐਂਟਰੀ ਵੀਜ਼ਾ, ਬਿਜ਼ਨੈੱਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਦੀਆਂ ਕੈਨੇਡਾ ‘ਚ ਸੇਵਾਵਾਂ 26 ਅਕਤੂਬਰ ਤੋਂ ਬਹਾਲ ਕਰਨ ਦਾ ਫ਼ੈਸਲਾ ਲਿਆ ਸੀ। ਕੈਨੇਡਾ ਆਧਾਰਿਤ ਸੀਟੀਵੀ ਨਿਊਜ਼ ਨੇ ਭਾਰਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਸੀ ਕਿ ਆਰਜ਼ੀ ਤੌਰ ‘ਤੇ ਵੀਜ਼ਾ ਸੇਵਾਵਾਂ ਬਹਾਲ ਕਰਨ ਦਾ ਫ਼ੈਸਲਾ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਸੀ ਕਿ ਵੀਜ਼ਾ ਸੇਵਾਵਾਂ ਮੁਅੱਤਲ ਨਹੀਂ ਹੋਣੀਆਂ ਚਾਹੀਦੀਆਂ ਸਨ। ਸਰਕਾਰੀ ਅਤੇ ਕੂਟਨੀਤਿਕ ਮਿਸ਼ਨਾਂ ਲਈ ਭਾਰਤੀ ਆਊਟਸੋਰਸਿੰਗ ਸੇਵਾ ਪ੍ਰਦਾਨ ਕਰਨ ਵਾਲੀ ਬੀ.ਐੱਲ.ਐੱਸ. ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ ਦੀ ਵੈੱਬਸਾਈਟ ‘ਤੇ ਸਤੰਬਰ ‘ਚ ਆਖਿਆ ਗਿਆ ਸੀ, ”ਭਾਰਤੀ ਮਿਸ਼ਨ ਤੋਂ ਅਹਿਮ ਨੋਟਿਸ: ਵਿਸ਼ੇਸ਼ ਕਾਰਨਾਂ ਕਰਕੇ 21 ਸਤੰਬਰ ਤੋਂ ਭਾਰਤੀ ਵੀਜ਼ਾ ਸੇਵਾਵਾਂ ਅਗਲੇ ਨੋਟਿਸ ਤੱਕ ਮੁਅੱਤਲ ਕੀਤੀਆਂ ਜਾਂਦੀਆਂ ਹਨ। ਹੋਰ ਨਵੀਂ ਜਾਣਕਾਰੀ ਲਈ ਬੀ.ਐੱਲ.ਐੱਸ. ਦੀ ਵੈੱਬਸਾਈਟ ਚੈੱਕ ਕਰਦੇ ਰਹੋ।”
ਜ਼ਿਕਰਯੋਗ ਹੈ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਸਤੰਬਰ ‘ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਰਮਖ਼ਿਆਲੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਭਾਰਤ ਨੇ ਨਿੱਝਰ ਨੂੰ 2020 ‘ਚ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਸੀ। ਭਾਰਤ ਨੇ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਨੂੰ ਬਕਵਾਸ ਕਰਾਰ ਦਿੰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ। ਇਸ ਦੇ ਕੁਝ ਦਿਨਾਂ ਮਗਰੋਂ ਭਾਰਤ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ੇ ਜਾਰੀ ਕਰਨਾ ਆਰਜ਼ੀ ਤੌਰ ‘ਤੇ ਮੁਅੱਤਲ ਕਰ ਰਿਹਾ ਹੈ। ਨਵੀਂ ਦਿੱਲੀ ਨੇ ਕੈਨੇਡਾ ਨੂੰ ਕਿਹਾ ਸੀ ਕਿ ਉਹ ਭਾਰਤ ‘ਚ ਆਪਣੇ ਸਫ਼ਾਰਤੀ ਅਮਲੇ ਦੀ ਗਿਣਤੀ ਘਟਾਏ। ਉਨ੍ਹਾਂ ਕੈਨੇਡਾ ਨੂੰ ਅੱਤਵਾਦੀਆਂ ਅਤੇ ਭਾਰਤ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤੀ ਨਾਲ ਸਿੱਝਣ ਦੀ ਵੀ ਮੰਗ ਕੀਤੀ ਸੀ।