#INDIA

ਭਾਰਤ ਵੱਲੋਂ ਅਮਰੀਕਾ ਨੂੰ 65 ਅਪਰਾਧੀਆਂ ਦੀ ਹਵਾਲਗੀ ਦੀ ਅਪੀਲ!

ਨਵੀਂ ਦਿੱਲੀ, 15 ਫਰਵਰੀ (ਪੰਜਾਬ ਮੇਲ)- ਮੁੰਬਈ ਦੇ 26/11 ਦੇ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਤਹੱਵੁਰ ਰਾਣਾ ਦੀ ਹਵਾਲਗੀ ਦਾ ਰਸਤਾ ਸਾਫ ਹੋਣ ਤੋਂ ਬਾਅਦ ਹੁਣ ਅਮਰੀਕਾ ‘ਚ ਸ਼ਰਨ ਲੈ ਕੇ ਬੈਠੇ 64 ਹੋਰ ਅਪਰਾਧੀਆਂ ਦੀਆਂ ਰਾਤਾਂ ਦੀ ਨੀਂਦ ਉਡਣ ਵਾਲੀ ਹੈ, ਜਿਨ੍ਹਾਂ ਨੇ ਭਾਰਤ ਵਿਚ ਅਪਰਾਧ ਕਰਨ ਤੋਂ ਬਾਅਦ ਅਮਰੀਕਾ ਵਿਚ ਸ਼ਰਨ ਲੈ ਰੱਖੀ ਹੈ। ਭਾਰਤ ਨੇ ਅਮਰੀਕਾ ਨੂੰ ਹਵਾਲਗੀ ਦੀਆਂ ਕੁੱਲ 65 ਅਪੀਲਾਂ ਕੀਤੀਆਂ ਹਨ। ਇਸ ਸੂਚੀ ਵਿਚ ਗੈਂਗਸਟਰਾਂ ਤੋਂ ਲੈ ਕੇ ਅੱਤਵਾਦੀ, ਖਾਲਿਸਤਾਨੀ ਗਤੀਵਿਧੀਆਂ ‘ਚ ਸ਼ਾਮਲ ਲੋਕ ਅਤੇ ਹੋਰ ਤਰ੍ਹਾਂ ਦੇ ਅਪਰਾਧ ਕਰਨ ਵਾਲੇ ਲੋਕ ਵੀ ਸ਼ਾਮਲ ਹਨ।
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ 10 ਦਸੰਬਰ ਨੂੰ ਸੰਸਦ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਸੀ ਕਿ ਭਾਰਤ ਨੇ ਵੱਖ-ਵੱਖ ਦੇਸ਼ਾਂ ਨੂੰ ਹਵਾਲਗੀ ਦੀਆਂ ਕੁੱਲ 178 ਅਪੀਲਾਂ ਭੇਜੀਆਂ ਹਨ, ਜਿਨ੍ਹਾਂ ਵਿਚ 65 ਸਿਰਫ ਅਮਰੀਕਾ ਨੂੰ ਭੇਜੀਆਂ ਗਈਆਂ ਹਨ। ਭਾਰਤ ਨੇ ਹਵਾਲਗੀ ਦੀਆਂ ਇਹ ਸਾਰੀਆਂ ਅਪੀਲਾਂ ਪਿਛਲੇ 5 ਸਾਲਾਂ ਦੌਰਾਨ ਕੀਤੀਆਂ ਸਨ ਅਤੇ ਇਸ ਦੌਰਾਨ ਜ਼ਿਆਦਾਤਰ ਸਮੇਂ ਤੱਕ ਜੋਅ ਬਾਇਡਨ ਰਾਸ਼ਟਰਪਤੀ ਸਨ ਅਤੇ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਭਾਰਤ ਦੀਆਂ ਇਨ੍ਹਾਂ ਅਪੀਲਾਂ ਵੱਲ ਧਿਆਨ ਨਹੀਂ ਦਿੱਤਾ। ਇਸ ਗੱਲ ਦਾ ਇਸ਼ਾਰਾ ਡੋਨਾਲਡ ਟਰੰਪ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਹੁਣ ਅਮਰੀਕਾ ਵਿਚ ਸੱਤਾ ਬਦਲ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਪਸੀ ਸਬੰਧ ਬਹੁਤ ਬਿਹਤਰ ਹਨ, ਲਿਹਾਜ਼ਾ ਹੁਣ ਅਮਰੀਕਾ ਵੱਲੋਂ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਤੇਜ਼ੀ ਲਿਆਉਣ ਦੇ ਸੰਕੇਤ ਮਿਲ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਦਾ 48 ਦੇਸ਼ਾਂ ਅਤੇ 12 ਟੈਰੇਟਰੀਜ਼ ਦੇ ਨਾਲ ਹਵਾਲਗੀ ਸਮਝੌਤਾ ਹੈ ਅਤੇ 2019 ਤੋਂ ਬਾਅਦ ਹੁਣ ਤੱਕ ਭਾਰਤ 23 ਅਜਿਹੇ ਅਪਰਾਧੀਆਂ ਦੀ ਹਵਾਲਗੀ ਵਿਚ ਸਫਲ ਹੋ ਚੁੱਕਾ ਹੈ, ਜੋ ਭਾਰਤ ਨੂੰ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਸਨ।