– ਸ਼ਮੀ ਨੂੰ ਅਰਜੁਨ ਤੇ ਚਿਰਾਗ-ਰੰਕੀਰੈੱਡੀ ਨੂੰ ਖੇਲ ਰਤਨ ਪੁਰਸਕਾਰ
– ਰਾਸ਼ਟਰਪਤੀ ਵੱਲੋਂ ਖੇਲ ਰਤਨ, ਅਰਜੁਨ, ਦਰੋਣਾਚਾਰੀਆ ਅਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਜੇਤੂਆਂ ਦਾ ਸਨਮਾਨ
ਨਵੀਂ ਦਿੱਲੀ, 10 ਜਨਵਰੀ (ਪੰਜਾਬ ਮੇਲ)- ਭਾਰਤ ਲਈ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇੱਥੇ ਰਾਸ਼ਟਰਪਤੀ ਭਵਨ ਵਿਚ ਇੱਕ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੌਮੀ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਸਣੇ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤੇ ਗਏ। ਬੈਡਮਿੰਟਨ ਖਿਡਾਰੀ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੀ ਜੋੜੀ ਨੂੰ ਵੱਕਾਰੀ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਚੁਣਿਆ ਗਿਆ। ਇਸ ਜੋੜੀ ਨੇ 2023 ਵਿਚ ਏਸ਼ਿਆਈ ਖੇਡਾਂ ਵਿਚ ਆਪਣਾ ਅਤੇ ਬੈਡਮਿੰਟਨ ਵਿਚ ਦੇਸ਼ ਲਈ ਪਹਿਲਾ ਸੋਨ ਤਗਮਾ ਜਿੱਤਿਆ ਸੀ। ਜੋੜੀ ਇਸ ਵੇਲੇ ਮਲੇਸ਼ੀਆ ਓਪਨ ਸੁਪਰ 1000 ਵਿਚ ਖੇਡ ਰਹੀ ਹੈ, ਜਿਸ ਕਰਕੇ ਸਮਾਗਮ ਵਿਚ ਸ਼ਾਮਲ ਨਹੀਂ ਹੋਈ। ਸਟਾਰ ਪਿਸਟਲ ਨਿਸ਼ਾਨੇਬਾਜ਼ 19 ਸਾਲਾ ਈਸ਼ਾ ਸਿੰਘ ਵੀ ਜਕਾਰਤਾ ‘ਚ ਏਸ਼ਿਆਈ ਓਲੰਪਿਕ ਕੁਆਲੀਫਾਇਰ ‘ਚ ਹਿੱਸਾ ਲੈਣ ਕਰਕੇ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕੀ। ਉਸ ਨੇ ਬੀਤੇ ਦਿਨੀਂ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਵਿਅਕਤੀਗਤ ਅਤੇ ਟੀਮ ਮੁਕਾਬਲੇ ‘ਚ ਸੋਨ ਤਗਮਾ ਜਿੱਤ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।
ਪਿਛਲੇ ਸਾਲ ਏਸ਼ਿਆਈ ਖੇਡਾਂ ਵਿਚ ਰਿਕਾਰਡ 107 ਤਗਮਿਆਂ ਨਾਲ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਝਲਕ ਇਸ ਸਮਾਗਮ ਵਿਚ ਵੀ ਝਲਕ ਰਹੀ ਸੀ ਕਿਉਂਕਿ ਪੁਰਸਕਾਰ ਪ੍ਰਾਪਤ ਕਰਨ ਵਾਲੇ ਬਹੁਤੇ ਖਿਡਾਰੀ ਹਾਂਗਜ਼ੂ ਖੇਡਾਂ ਦੇ ਤਗਮਾ ਜੇਤੂ ਸਨ। ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿਚ ਤਿੰਨ ਸੋਨ ਤਗਮੇ ਜਿੱਤਣ ਵਾਲੀ ਸ਼ੀਤਲ ਜਦੋਂ ਆਪਣਾ ਅਰਜੁਨ ਪੁਰਸਕਾਰ ਲੈਣ ਪਹੁੰਚੀ, ਤਾਂ ਰਾਸ਼ਟਰਪਤੀ ਭਵਨ ਦਾ ਹਾਲ ਤਾੜੀਆਂ ਨਾਲ ਗੂੰਜਣ ਲੱਗਾ। ਇਸ 16 ਸਾਲਾ ਪੈਰਾ ਨਿਸ਼ਾਨੇਬਾਜ਼ ਦੇ ਦੋਵੇਂ ਹੱਥ ਨਹੀਂ ਹਨ ਅਤੇ ਉਹ ਹੱਥਾਂ ਤੋਂ ਬਿਨਾਂ ਤੀਰਅੰਦਾਜ਼ੀ ਕਰਨ ਵਾਲੀ ਪਹਿਲੀ ਕੌਮਾਂਤਰੀ ਪੈਰਾ ਤੀਰਅੰਦਾਜ਼ ਹੈ। ਇਸੇ ਤਰ੍ਹਾਂ ਗਿੱਟੇ ਦੀ ਸੱਟ ਤੋਂ ਉਭਰ ਰਿਹਾ ਸ਼ਮੀ ਪੁਰਸਕਾਰ ਲੈਣ ਲਈ ਸਮਾਗਮ ਵਿਚ ਮੌਜੂਦ ਸੀ। ਉਸ ਨੇ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਵਿਚ ਸੱਤ ਮੈਚਾਂ ਵਿਚ 25 ਵਿਕਟਾਂ ਲੈ ਕੇ ਭਾਰਤ ਨੂੰ ਫਾਈਨਲ ਵਿਚ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਦੌਰਾਨ ਹਾਲ ਹੀ ਵਿਚ ਸ਼ਤਰੰਜ ਗਰੈਂਡਮਾਸਟਰ ਬਣੀ ਆਰ ਵੈਸ਼ਾਲੀ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹ ਸਟਾਰ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਦੀ ਵੱਡੀ ਭੈਣ ਹੈ।
ਇਸ ਸਾਲ ਅਰਜੁਨ ਪੁਰਸਕਾਰ ਲਈ ਚੁਣੇ ਗਏ ਹੋਰ ਖਿਡਾਰੀਆਂ ਵਿਚ ਪਹਿਲਵਾਨ ਅੰਤਿਮ ਪੰਘਾਲ (ਪਹਿਲਵਾਨ), ਮੁਹੰਮਦ ਹੁਸਾਮੂਦੀਨ (ਮੁੱਕੇਬਾਜ਼), ਪਾਰੁਲ ਚੌਧਰੀ (ਅਥਲੀਟ), ਓਜਸ ਪ੍ਰਵੀਨ ਦਿਓਤਲੇ (ਤੀਰਅੰਦਾਜ਼ੀ), ਆਦਿਤੀ ਗੋਪੀਚੰਦ ਸਵਾਮੀ (ਤੀਰਅੰਦਾਜ਼ੀ), ਮੁਰਲੀ ਸ੍ਰੀਸ਼ੰਕਰ (ਅਥਲੈਟਿਕਸ), ਅਨੁਸ਼ ਅਗਰਵਾਲ (ਘੋੜਸਵਾਰੀ), ਦਿਵਯਕ੍ਰਿਤੀ ਸਿੰਘ (ਘੋੜਸਵਾਰੀ), ਦੀਕਸ਼ਾ ਡਾਗਰ (ਗੋਲਫ), ਕ੍ਰਿਸ਼ਨਾ ਬਹਾਦਰ ਪਾਠਕ (ਹਾਕੀ), ਸੁਸ਼ੀਲਾ ਚਾਨੂ (ਹਾਕੀ), ਪਵਨ ਕੁਮਾਰ (ਕਬੱਡੀ), ਰਿਤੂ ਨੇਗੀ (ਕਬੱਡੀ), ਨਸਰੀਨ (ਖੋ-ਖੋ), ਪਿੰਕੀ (ਲਾਅਨ ਬਾਲ), ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਨਿਸ਼ਾਨੇਬਾਜ਼ੀ), ਹਰਿੰਦਰ ਪਾਲ ਸਿੰਘ ਸੰਧੂ (ਸਕੁਐਸ਼), ਅਹਿਕਾ ਮੁਖਰਜੀ (ਟੇਬਲ ਟੈਨਿਸ), ਸੁਨੀਲ ਕੁਮਾਰ (ਕੁਸ਼ਤੀ), ਨਾਓਰੇਮ ਰੋਸ਼ੀਬੀਨਾ ਦੇਵੀ (ਵੁਸ਼ੂ), ਇਲੁਰੀ ਅਜੈ ਕੁਮਾਰ ਰੈੱਡੀ (ਨੇਤਰਹੀਣ ਕ੍ਰਿਕਟ) ਅਤੇ ਪ੍ਰਾਚੀ ਯਾਦਵ (ਪੈਰਾ ਕੈਨੋਇੰਗ) ਸ਼ਾਮਲ ਹਨ।
ਦਰੋਣਾਚਾਰੀਆ ਪੁਰਸਕਾਰ (ਨਿਯਮਤ ਸ਼੍ਰੇਣੀ) ਜੇਤੂਆਂ ਵਿਚ ਲਲਿਤ ਕੁਮਾਰ (ਕੁਸ਼ਤੀ), ਆਰ.ਬੀ. ਰਮੇਸ਼ (ਸ਼ਤਰੰਜ), ਮਹਾਵੀਰ ਪ੍ਰਸਾਦ ਸੈਣੀ (ਪੈਰਾ ਅਥਲੈਟਿਕਸ), ਸ਼ਿਵੇਂਦਰ ਸਿੰਘ (ਹਾਕੀ) ਅਤੇ ਗਣੇਸ਼ ਪ੍ਰਭਾਕਰ ਦੇਵਰੁਖਕਰ (ਮਲਖੰਬ) ਤੇ ਦਰੋਣਾਚਾਰੀਆ ਪੁਰਸਕਾਰ (ਲਾਈਫ ਟਾਈਮ ਅਚੀਵਮੈਂਟ) ਵਿਚ ਜਸਕੀਰਤ ਸਿੰਘ ਗਰੇਵਾਲ (ਗੋਲਫ), ਭਾਸਕਰਨ ਈ (ਕਬੱਡੀ) ਅਤੇ ਜੈਯੰਤ ਕੁਮਾਰ ਪੁਸ਼ੀਲਾਲ (ਟੇਬਲ ਟੈਨਿਸ) ਸ਼ਾਮਲ ਹਨ। ਮੰਜੂਸ਼ਾ ਕੰਵਰ (ਬੈਡਮਿੰਟਨ), ਵਿਨੀਤ ਕੁਮਾਰ ਸ਼ਰਮਾ (ਹਾਕੀ) ਤੇ ਕਵਿਤਾ ਸੇਲਵਰਾਜ (ਕਬੱਡੀ) ਨੂੰ ਧਿਆਨਚੰਦ ਪੁਰਸਕਾਰ ਮਿਲਿਆ। ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲੀ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪਹਿਲੀ ਰਨਰ ਅੱਪ ਰਹੀ। ਖੇਡ ਰਤਨ ਜੇਤੂਆਂ ਨੂੰ 25 ਲੱਖ ਰੁਪਏ ਜਦਕਿ ਅਰਜੁਨ ਤੇ ਦਰੋਣਾਚਾਰੀਆ ਪੁਰਸਕਾਰ ਜੇਤੂਆਂ ਨੂੰ 15 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ।