#AMERICA

ਭਾਰਤ-ਪਾਕਿ ਵਿਚਕਾਰ ਸੰਭਾਵੀ ਪਰਮਾਣੂ ਟਕਰਾਅ ਰੋਕਣ ‘ਤੇ ਸਭ ਤੋਂ ਵੱਧ ਮਾਣ : ਟਰੰਪ

ਵਾਸ਼ਿੰਗਟਨ, 31 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਬਜਾਏ ਵਪਾਰ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵੀ ਪਰਮਾਣੂ ਜੰਗ ਨੂੰ ਰੋਕਣ ਬਾਰੇ ਸਮਝੌਤੇ ‘ਤੇ ਉਨ੍ਹਾਂ ਨੂੰ ਸਭ ਤੋਂ ਵੱਧ ਮਾਣ ਹੈ। ਪਿਛਲੇ ਕੁਝ ਹਫ਼ਤਿਆਂ ਵਿਚ ਟਰੰਪ ਨੇ ਇਹ ਵੀ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਸੀ ਕਿ ਜੇ ਦੋਵੇਂ ਦੇਸ਼ ਟਕਰਾਅ ਨਹੀਂ ਰੋਕਦੇ, ਤਾਂ ਅਮਰੀਕਾ ਦੋਵਾਂ ਦੇਸ਼ਾਂ ਨਾਲ ਵਪਾਰ ਬੰਦ ਕਰ ਦੇਵੇਗਾ।
ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਆਪਣੀਆਂ ਫੌਜੀ ਝੜਪਾਂ ਦੌਰਾਨ ਭਾਰਤੀ ਅਤੇ ਅਮਰੀਕੀ ਨੇਤਾਵਾਂ ਨਾਲ ਗੱਲਬਾਤ ਵਿਚ ਵਪਾਰ ਦਾ ਮੁੱਦਾ ਬਿਲਕੁਲ ਵੀ ਨਹੀਂ ਆਇਆ ਸੀ। ਭਾਰਤ ਨੇ ਵਾਸ਼ਿੰਗਟਨ ਦੇ ਵਾਰ-ਵਾਰ ਕੀਤੇ ਗਏ ਉਨ੍ਹਾਂ ਦਾਅਵਿਆਂ ਨੂੰ ਅਸਲ ਵਿਚ ਰੱਦ ਕਰ ਦਿੱਤਾ ਕਿ ਵਪਾਰ ਬਾਰੇ ਪੇਸ਼ਕਸ਼ ਨੇ ਟਕਰਾਅ ਨੂੰ ਰੋਕਿਆ ਹੈ।
ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ, ”ਮੈਨੂੰ ਲੱਗਦਾ ਹੈ ਕਿ ਜਿਸ ਸਮਝੌਤੇ ‘ਤੇ ਮੈਨੂੰ ਸਭ ਤੋਂ ਵੱਧ ਮਾਣ ਹੈ, ਉਹ ਇਹ ਹੈ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਨਾਲ ਡੀਲ ਕਰ ਰਹੇ ਰਹੇ ਹਾਂ ਅਤੇ ਅਸੀਂ ਵਪਾਰ ਰਾਹੀਂ ਸੰਭਾਵੀ ਤੌਰ ‘ਤੇ ਪਰਮਾਣੂ ਯੁੱਧ ਨੂੰ ਰੋਕਣ ਦੇ ਯੋਗ ਹੋਏ ਹਾਂ।”
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ 26 ਲੋਕਾਂ ਦੇ ਮਾਰੇ ਜਾਣ ਤੋਂ ਲਗਭਗ ਦੋ ਹਫ਼ਤੇ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ। ਸਰਹੱਦ ਦੇ ਦੋਵਾਂ ਪਾਸਿਆਂ ਤੋਂ ਚਾਰ ਦਿਨਾਂ ਦੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ 10 ਮਈ ਨੂੰ ਟਕਰਾਅ ਨੂੰ ਰੋਕਣ ਲਈ ਸਹਿਮਤ ਹੋਏ ਸਨ।
ਹਾਲਾਂਕਿ, ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਹਾਲ ਹੀ ਵਿਚ ਹੋਈ ਜੰਗਬੰਦੀ ਇੱਕ ਦੁਵੱਲੀ ਫੈਸਲਾ ਸੀ, ਜੋ ਕਿ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (ਡੀ.ਜੀ.ਐੱਮ.ਓ.) ਵਿਚਕਾਰ ਸਿੱਧੇ ਤੌਰ ‘ਤੇ ਗੱਲਬਾਤ ਰਾਹੀਂ ਲਿਆ ਗਿਆ ਸੀ। ਭਾਰਤ ਨੇ ਤੀਜੀ ਧਿਰ ਦੀ ਵਿਚੋਲਗੀ ਦੇ ਕਿਸੇ ਵੀ ਦਾਅਵੇ ਨੂੰ ਲਗਾਤਾਰ ਰੱਦ ਕੀਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਸਮਝੌਤਾ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਕਾਰ ਸਿੱਧੀ ਗੱਲਬਾਤ ਦਾ ਨਤੀਜਾ ਹੈ, ਇਸਦਾ ਅਮਰੀਕਾ ਨਾਲ ਵਪਾਰ ਸੌਦੇ ਲਈ ਚੱਲ ਰਹੀ ਗੱਲਬਾਤ ਨਾਲ ਕੋਈ ਸਬੰਧ ਨਹੀਂ ਹੈ। 13 ਮਈ ਨੂੰ, ਰਾਸ਼ਟਰਪਤੀ ਟਰੰਪ ਨੇ ਵਪਾਰ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਲਿਆਉਣ ਦਾ ਸਿਹਰਾ ਆਪਣੇ ਪ੍ਰਸ਼ਾਸਨ ਨੂੰ ਦਿੱਤਾ।