#world

ਭਾਰਤ ਨੇ ਨੂਰ ਖਾਨ ਏਅਰਬੇਸ ’ਤੇ 80 ਡਰੋਨ ਦਾਗੇ ਸਨ: ਪਾਕਿਸਤਾਨ

ਇਸਲਾਮਾਬਾਦ,  28 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਹਾਕ ਡਾਰ ਨੇ ਇਕ ਵਾਰ ਮੁੜ ਮੰਨਿਆ ਕਿ ਭਾਰਤ ਨੇ ਅਪਰੇਸ਼ਨ ਸਿੰਧੂਰ ਦੌਰਾਨ ਉਨ੍ਹਾਂ ਦੇ ਨੂਰ ਖਾਨ ਏਅਰਬੇਸ ’ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ, ‘ ਭਾਰਤ ਨੇ 36 ਘੰਟਿਆਂ ਦੇ ਅੰਦਰ 80 ਡਰੋਨ ਦਾਗੇ ਸਨ। ਇਸ ਹਮਲੇ ਵਿਚ ਕਈ ਫੌਜੀ ਜਵਾਨ ਜ਼ਖਮੀ ਹੋਏ ਸਨ ਤੇ ਫੌਜੀ ਟਿਕਾਣਿਆਂ ਨੂੰ ਨੁਕਸਾਨ ਪੁੱਜਿਆ ਸੀ। ਡਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਨੇ ਰਾਵਲਪਿੰਡੀ ਦੇ ਚਕਾਲਾ ਖੇਤਰ ਵਿਚ ਨੂਰ ਖਾਨ ਏਅਰ ਬੇਸ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਫੌਜ ਨੇ 79 ਡਰੋਨ ਡੇਗ ਦਿੱਤੇ ਸਨ ਜਦਕਿ ਇਕ ਡਰੋਨ ਏਅਰਬੇਸ ਤਕ ਪੁੱਜ ਗਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ਦੇ ਪਹਿਲਗਾਮ ਵਿਚ 22 ਅਪਰੈਲ ਨੂੰ ਦਹਿਸ਼ਤੀ ਹਮਲਾ ਕੀਤਾ ਗਿਆ ਸੀ ਜਿਸ ਵਿਚ 26 ਭਾਰਤੀ ਸੈਲਾਨੀ ਤੇ ਹੋਰ ਮਾਰੇ ਗਏ ਸਨ। ਡਾਰ ਨੇ ਕਿਹਾ ਕਿ ਭਾਰਤ ਨੇ 36 ਘੰਟਿਆਂ ਦੇ ਅੰਦਰ ਪਾਕਿਸਤਾਨੀ ਖੇਤਰ ਉੱਤੇ ਕਈ ਡਰੋਨ ਭੇਜੇ ਸਨ ਅਤੇ ਇੱਕ ਡਰੋਨ ਨੇ ਫੌਜੀ ਟਿਕਾਣੇ ਨੂੰ ਨੁਕਸਾਨ ਪਹੁੰਚਾਇਆ ਸੀ। ਦੱਸਣਾ ਬਣਦਾ ਹੈ ਕਿ ਭਾਰਤ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਸੀ ਤੇ ਕੁਝ ਸਮੇਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ। ਏ ਐੱਨ ਆਈ