ਰਾਏਪੁਰ, 1 ਦਸੰਬਰ (ਪੰਜਾਬ ਮੇਲ)- ਭਾਰਤ ਤੇ ਆਸਟਰੇਲੀਆ ਵਿਚਾਲੇ ਅੱਜ ਚੌਥੇ ਟੀ-20 ਮੈਚ ਲਈ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ‘ਤੇ 174 ਦੌੜਾਂ ਬਣਾਈਆਂ ਤੇ ਆਸਟਰੇਲੀਆ ਖ਼ਿਲਾਫ਼ 20 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਤਰ੍ਹਾਂ ਭਾਰਤ ਨੇ ਇਕ ਰੋਜ਼ਾ ਮੈਚਾਂ ਦੀ ਲੜੀ ‘ਚ 3-1 ਨਾਲ ਬੜਤ ਬਣਾ ਲਈ ਹੈ। ਟੀਮ ਇੰਡੀਆ ਵੱਲੋਂ ਰਿੰਕੂ ਸਿੰਘ ਨੇ 29 ਗੇਂਦਾਂ ਵਿਚ 46 ਦੌੜਾਂ ਬਣਾਈਆਂ, ਜਦੋਂਕਿ ਜਿਤੇਸ਼ ਸ਼ਰਮਾ ਨੇ 19 ਗੇਂਦਾਂ ਵਿਚ 35 ਦੌੜਾਂ ਦਾ ਯੋਗਦਾਨ ਦਿੱਤਾ। ਟੀਮ ਇੰਡੀਆ ਦਾ ਸਕੋਰ 18.3 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 167 ਸੀ ਤੇ ਟੀਮ ਦੇ ਪੰਜ ਖਿਡਾਰੀ ਅਗਲੇ ਦੋ ਓਵਰਾਂ ਵਿਚ ਸਿਰਫ ਸੱਤ ਦੌੜਾਂ ‘ਤੇ ਆਊਟ ਹੋ ਗਏ। ਦੋਹਾਂ ਟੀਮਾਂ ਨੇ ਇਸ ਮੈਚ ਲਈ ਕਈ ਬਦਲਾਅ ਕੀਤੇ ਹਨ। ਟੀਮ ਇੰਡੀਆ ਨੇ ਪ੍ਰਸਿੱਧ ਕ੍ਰਿਸ਼ਨਾ ਦੀ ਥਾਂ ਮੁਕੇਸ਼ ਕੁਮਾਰ ਨੂੰ ਵਾਪਸ ਲਿਆਂਦਾ ਹੈ, ਜਦੋਂਕਿ ਦੀਪਕ ਚਾਹਰ ਦੀ ਥਾਂ ਅਰਸ਼ਦੀਪ ਸਿੰਘ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ। ਆਸਟਰੇਲੀਆ ਨੇ ਕ੍ਰਿਸ ਗਰੀਨਜ਼, ਬੈੱਨ ਮੈੱਕਡਰਮੋਟ ਤੇ ਜੋਸ਼ ਫਿਲਿਪ ਨੂੰ ਟੀਮ ‘ਚ ਸ਼ਾਮਲ ਕੀਤਾ।