#Cricket #SPORTS

ਭਾਰਤ ਨੇ ਆਸਟਰੇਲੀਆ ਨੂੰ ਆਖਰੀ ਮੁਕਾਬਲੇ ‘ਚ 9 ਵਿਕਟਾਂ ਨਾਲ ਹਰਾਇਆ

ਰੋਹਿਤ ਦਾ ਨਾਬਾਦ ਸੈਂਕੜਾ ਤੇ ਕੋਹਲੀ ਦਾ ਨੀਮ ਸੈਂਕੜਾ; ਭਾਰਤ 9 ਵਿਕਟਾਂ ਨਾਲ ਜੇਤੂ; ਮੇਜ਼ਬਾਨ ਟੀਮ ਨੇ ਲੜੀ 2-1 ਨਾਲ ਜਿੱਤੀ
ਸਿਡਨੀ, 25 ਅਕਤੂਬਰ (ਪੰਜਾਬ ਮੇਲ)- ਹਰਸ਼ਿਤ ਰਾਣਾ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਨਾਬਾਦ ਸੈਂਕੜੇ ਤੇ ਵਿਰਾਟ ਕੋਹਲੀ ਦਾ ਨੀਮ ਸੈਂਕੜੇ ਸਦਕਾ ਭਾਰਤ ਨੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਆਖਰੀ ਮੁਕਾਬਲੇ ‘ਚ ਅੱਜ ਇੱਥੇ ਆਸਟਰੇਲੀਆ ਨੂੰ 9 ਵਿਕਟਾਂ ਨਾਲ ਹਰਾ ਦਿੱਤਾ।
ਭਾਰਤ ਨੇ ਜਿੱਤ ਲਈ 237 ਦੌੜਾਂ ਦਾ ਟੀਚਾ ਰੋਹਿਤ ਦੀਆਂ ਨਾਬਾਦ 121 ਦੌੜਾਂ ਤੇ ਵਿਰਾਟ ਦੀਆਂ ਨਾਬਾਦ 74 ਦੌੜਾਂ ਦੀਆਂ ਪਾਰੀਆਂ ਸਦਕਾ 38.3 ਓਵਰਾਂ ‘ਚ ਪੂਰਾ ਕੀਤਾ।
ਰੋਹਿਤ ਨੇ ਆਪਣੀ ਸੈਂਕੜੇ ਵਾਲੀ ਪਾਰੀ ‘ਚ 13 ਚੌਕੇ ਤੇ ਤਿੰਨ ਛੱਕੇ ਜੜੇ, ਜਦਕਿ ਕੋਹਲੀ ਨੇ ਆਪਣੀ ਪਾਰੀ ਦੌਰਾਨ ਸੱਤ ਚੌਕੇ ਮਾਰੇ। ਕਪਤਾਨ ਸ਼ੁਭਮਨ ਗਿੱਲ 24 ਦੌੜਾਂ ਬਣਾ ਕੇ ਆਊਟ ਹੋਇਆ।
ਇਸ ਤੋਂ ਪਹਿਲਾਂ ਹਰਸ਼ਿਤ ਰਾਣਾ ਤੇ ਬਾਕੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਆਸਟ੍ਰੇਲੀਆ ਨੂੰ 46.4 ਓਵਰਾਂ ‘ਚ 236 ਦੌੜਾਂ ‘ਤੇ ਹੀ ਆਊਟ ਕਰ ਦਿੱਤਾ। ਆਸਟ੍ਰੇਲੀਆ ਵੱਲੋਂ ਮੈਟ ਰੇਨਸ਼ਾਅ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ, ਜਦਕਿ ਮਿਚੇਲ ਮਾਰਸ਼ ਨੇ 41 ਦੌੜਾਂ, ਮੈਥਿਊ ਸ਼ੌਰਟ ਨੇ 30 ਅਤੇ ਟਰੈਵਿਸ ਹੈੱਡ ਨੇ 29, ਐਲੈਕਸ ਕੈਰੀ ਨੇ 24, ਕੂਪਰ ਕੋਨੌਲੀ ਨੇ 23  ਦੌੜਾਂ ਬਣਾਈਆਂ। ਭਾਰਤ ਵੱਲੋਂ ਹਰਸ਼ਿਤ ਰਾਣਾ ਨੇ ਚਾਰ ਵਿਕਟਾਂ ਤੇ ਵਾਸ਼ਿੰਗਟਨ ਸੁੰਦਰ ਨੇ ਦੋ ਵਿਕਟਾਂ ਲਈਆਂ। ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਕੁਲਦੀਪ ਯਾਦਵ ਤੇ ਅਕਸ਼ਰ ਪਟੇਲ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਰੋਹਿਤ ਸ਼ਰਮਾ ਨੂੰ ‘ਪਲੇਅਰ ਆਫ ਦਿ ਮੈਚ’ ਤੇ ‘ਪਲੇਅਰ ਆਫ ਦਿ ਸਰੀਜ਼’ ਚੁਣਿਆ।