#INDIA

ਭਾਰਤ ਨੇ ਅਮਰੀਕਾ ਸਾਹਮਣੇ ਕਾਰੋਬਾਰੀਆਂ ਨੂੰ Visa ਮਿਲਣ ‘ਚ ਦੇਰੀ ਦਾ ਮੁੱਦਾ ਉਠਾਇਆ

ਨਵੀਂ ਦਿੱਲੀ, 14 ਜਨਵਰੀ (ਪੰਜਾਬ ਮੇਲ)- ਭਾਰਤ ਨੇ ਅਮਰੀਕਾ ਨਾਲ ਵਪਾਰ ਨੀਤੀ ਮੰਚ ਦੀ ਬੈਠਕ ਵਿਚ ਘਰੇਲੂ ਕਾਰੋਬਾਰੀਆਂ ਨੂੰ ਸਮੇਂ ਸਿਰ ਵੀਜ਼ਾ ਮਿਲਣ ਵਿਚ ਆ ਰਹੀਆਂ ਦਿੱਕਤਾਂ ਬਾਰੇ ਆਪਣੀਆਂ ਚਿੰਤਾਵਾਂ ਨੂੰ ਸਾਂਝਾ ਕਰਦੇ ਹੋਏ ਅਮਰੀਕਾ ਨੂੰ ਇਸ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਅਧਿਕਾਰਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਕਾਰੋਬਾਰੀਆਂ ਨੂੰ ਵੀਜ਼ਾ ਦਾ ਮੁੱਦਾ ਇੱਥੇ ਆਯੋਜਿਤ 14ਵੀਂ ਟੀ.ਪੀ.ਐੱਫ. ਬੈਠਕ ਦੌਰਾਨ ਪ੍ਰਮੁੱਖਤਾ ਨਾਲ ਉਠਾਇਆ ਗਿਆ। ਇਸ ਦੀ ਸਹਿ-ਪ੍ਰਧਾਨਗੀ ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਅਤੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੀਤੀ।
ਵਪਾਰ ਮੰਤਰਾਲਾ ਨੇ ਕਿਹਾ ਕਿ ਦੋਵੇਂ ਮੰਤਰੀਆਂ ਨੇ ਸਵੀਕਾਰ ਕੀਤਾ ਕਿ ਦੇਸ਼ਾਂ ਦਰਮਿਆਨ ਪੇਸ਼ੇਵਰ ਅਤੇ ਕੁਸ਼ਲ ਕਾਮਿਆਂ, ਵਿਦਿਆਰਥੀਆਂ, ਨਿਵੇਸ਼ਕਾਂ ਅਤੇ ਵਪਾਰਕ ਸੈਲਾਨੀਆਂ ਦੀ ਆਵਾਜਾਈ ਦੋਪੱਖੀ ਆਰਥਿਕ ਅਤੇ ਤਕਨੀਕੀ ਸਾਂਝੇਦਾਰੀ ਨੂੰ ਵਧਾਉਣ ਵਿਚ ਕਾਫੀ ਯੋਗਦਾਨ ਦਿੰਦੀ ਹੈ। ਬਿਆਨ ਮੁਤਾਬਕ ਗੋਇਲ ਨੇ ਵੀਜ਼ਾ ਪ੍ਰੋਸੈਸਿੰਗ ਵਿਚ ਲੱਗਣ ਵਾਲੇ ਸਮੇਂ ਕਾਰਨ ਭਾਰਤ ਤੋਂ ਵਪਾਰਕ ਸੈਲਾਨੀਆਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ‘ਤੇ ਚਾਨਣਾ ਪਾਇਆ ਅਤੇ ਅਮਰੀਕਾ ਨੂੰ ਇਸ ਪ੍ਰਕਿਰਿਆ ਵਿਚ ਤੇਜੀ ਲਿਆਉਣ ਦੀ ਅਪੀਲ ਕੀਤੀ।
ਦੋਵੇਂ ਪੱਖਕਾਰਾਂ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਦੋਪੱਖੀ ਵਪਾਰ ਨੂੰ ਉਤਸ਼ਾਹ ਦੇਣ ਵਿਚ ਪੇਸ਼ੇਵਰ ਸੇਵਾਵਾਂ ਦੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ।