#Cricket #INDIA #SPORTS

ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਆਸਟਰੇਲੀਆ ਛੇਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ

ਅਹਿਮਦਾਬਾਦ, 19 ਨਵੰਬਰ (ਪੰਜਾਬ ਮੇਲ)- ਆਸਟਰੇਲੀਆ ਨੇ ਟਰੈਵਿਸ ਹੈੱਡ ਦੇ ਸੈਂਕੜੇ ਸਦਕਾ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਕ੍ਰਿਕਟ ਵਿਸ਼ਵ ਕੱਪ ਜਿੱਤ ਲਿਆ ਹੈ। ਟੀਮ ਨੇ ਜਿੱਤ ਲਈ ਲੋੜੀਂਦਾ 241 ਦੌੜਾਂ ਦਾ ਟੀਚਾ ਸਿਰਫ਼ 4 ਵਿਕਟਾਂ ਗੁਆ ਕੇ 43 ਓਵਰਾਂ ’ਚ ਹੀ ਪੂਰਾ ਕਰ ਲਿਆ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਟਰੈਵਿਸ ਹੈੱਡ ਨੇ 137 ਦੌੜਾਂ ਦੀ ਪਾਰੀ ਖੇਡੀ। ਟੀਮ ਵੱਲੋਂ ਮਾਰਨਸ ਲਾਬੂਸ਼ੇਨ ਨੇ ਨਾਬਾਦ 58 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਅੱਜ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਸਟਰੇਲਿਆਈ ਟੀਮ ਦੇ ਕਪਤਾਨ ਪੈਟ ਕਮਿਨਸ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ 240 ਦੌੜਾਂ ਬਣਾਈਆਂ। ਭਾਰਤ ਵੱਲੋਂ ਕੇ.ਐੱਲ. ਰਾਹੁਲ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ ਜਦਕਿ ਵਿਰਾਟ ਕੋਹਲੀ ਨੇ 54 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ 47 ਦੌੜਾਂ ਬਣਾ ਕੇ ਪਵੈਲੀਅਨ ਪਰਤਿਆ। ਸੂਰਿਆਕੁਮਾਰ ਯਾਦਵ 18 ਅਤੇ ਕੁਲਦੀਪ ਯਾਦਵ ਨੇ 10 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਮਿਸ਼ੇਲ ਸਟਾਰਕ ਨੇ 4 ਜਦਕਿ ਐਡਮ ਜ਼ੰਪਾ ਅਤੇ ਪੈਟ ਕਮਿੰਸ ਨੇ ਦੋ-ਦੋ ਵਿਕਟਾਂ ਲਈਆਂ।