#INDIA

‘ਭਾਰਤ ਨੂੰ ਵੀ ਚੀਨ-ਕੈਨੇਡਾ ਵਾਂਗ ਦੇਣਾ ਹੋਵੇਗਾ ਟੈਰਿਫ ਦਾ ਜਵਾਬ’

ਨਵੀਂ ਦਿੱਲੀ, 10 ਮਾਰਚ (ਪੰਜਾਬ ਮੇਲ)- ਆਰਥਿਕ ਥਿੰਕ ਟੈਂਕ ਜੀ.ਟੀ.ਆਰ.ਆਈ. ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਦੇ ਨਾਲ ਸਾਰੀਆਂ ਵਪਾਰਕ ਵਾਰਤਾਵਾਂ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ ਅਤੇ ਟਰੰਪ ਪ੍ਰਸ਼ਾਸਨ ਨਾਲ ਉਸੇ ਤਰ੍ਹਾਂ ਗੱਲਬਾਤ ਦੀ ਤਿਆਰੀ ਕਰਨੀ ਚਾਹੀਦੀ ਹੈ, ਜਿਵੇਂ ਚੀਨ ਅਤੇ ਕੈਨੇਡਾ ਵਰਗੇ ਦੇਸ਼ ਕਰ ਰਹੇ ਹਨ। ਭਾਵ ਭਾਰਤ ਨੂੰ ਵੀ ਇਨ੍ਹਾਂ ਦੇਸ਼ਾਂ ਵਾਂਗ ਟੈਰਿਫ ਦਾ ਜਵਾਬ ਦੇਣਾ ਹੋਵੇਗਾ।
ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (ਜੀ.ਟੀ.ਆਰ.ਆਈ.) ਦੇ ਸੰਸਥਾਪਕ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਅਮਰੀਕਾ ਭਾਰਤ ‘ਤੇ ਉਨ੍ਹਾਂ ਵਪਾਰ ਮੰਗਾਂ ਨੂੰ ਸਵੀਕਾਰ ਕਰਨ ਲਈ ਭਾਰੀ ਦਬਾਅ ਪਾ ਰਿਹਾ ਹੈ, ਜੋ ਮੋਟੇ ਤੌਰ ‘ਤੇ ਅਮਰੀਕੀ ਹਿਤਾਂ ਦੇ ਅਨੁਕੂਲ ਹਨ। ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਆਪਣੇ ਇਥੇ ਦਰਾਮਦ ਹੋਣ ਵਾਲੇ ਅਮਰੀਕੀ ਸਾਮਾਨ ‘ਤੇ ਟੈਰਿਫ ਘੱਟ ਕਰਨ ਲਈ ਰਾਜ਼ੀ ਹੋ ਗਿਆ ਹੈ, ਜਦੋਂਕਿ ਭਾਰਤ ਸਰਕਾਰ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਟਰੰਪ ਨੇ ਇਹ ਦੋਸ਼ ਵੀ ਲਾਇਆ ਕਿ ਭਾਰਤ ਦਰਾਮਦ ਹੋਣ ਵਾਲੇ ਸਾਮਾਨ ‘ਤੇ ਭਾਰੀ ਟੈਰਿਫ ਲਗਾਉਂਦਾ ਹੈ। ਉੱਥੇ ਕੁਝ ਵੀ ਵੇਚਣਾ ਬੇਹੱਦ ਮੁਸ਼ਕਲ ਹੈ। ਹਾਲਾਂਕਿ, ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਟੈਰਿਫ ਘੱਟ ਕਰਨ ਨੂੰ ਲੈ ਕੇ ਭਾਰਤ ਰਾਜ਼ੀ ਹੋ ਗਿਆ ਹੈ।
ਸ਼੍ਰੀਵਾਸਤਵ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਜ਼ਿਆਦਾਤਰ ਗਲਤ ਅੰਕੜਿਆਂ ਦੀ ਵਰਤੋਂ ਕਰਕੇ ਭਾਰਤ ਦੀ ਆਲੋਚਨਾ ਕੀਤੀ ਹੈ। ਸ਼੍ਰੀਵਾਸਤਵ ਨੇ ਕਿਹਾ, ”ਟਰੰਪ ਗਲਤ ਅੰਕੜਿਆਂ ਦੀ ਵਰਤੋਂ ਕਰ ਕੇ ਜਨਤਕ ਤੌਰ ‘ਤੇ ਭਾਰਤ ਦਾ ਅਪਮਾਨ ਕਰ ਰਹੇ ਹਨ। ਅਜਿਹੇ ਹਾਲਾਤਾਂ ‘ਚ ਕੋਈ ਸੰਤੁਲਿਤ ਨਤੀਜਾ ਸੰਭਵ ਨਹੀਂ ਹੈ। ਭਾਰਤ ਨੂੰ ਸਾਰੀਆਂ ਵਪਾਰਕ ਵਾਰਤਾਵਾਂ ਤੋਂ ਹਟ ਜਾਣਾ ਚਾਹੀਦਾ ਹੈ ਅਤੇ ਹੋਰ ਦੇਸ਼ਾਂ ਵਾਂਗ ਉਨ੍ਹਾਂ ਨਾਲ ਨਜਿੱਠਣ ਦੀ ਤਿਆਰੀ ਕਰਨੀ ਚਾਹੀਦੀ ਹੈ।” ਅਮਰੀਕੀ ਟੈਰਿਫ ਦੇ ਖਿਲਾਫ ਚੀਨ ਅਤੇ ਕੈਨੇਡਾ ਨੇ ਜਵਾਬੀ ਉਪਰਾਲਿਆਂ ਦਾ ਐਲਾਨ ਕੀਤਾ ਹੈ।
ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਨੇ ਅਮਰੀਕੀ ਦਰਾਮਦਾਂ ‘ਤੇ ਟੈਰਿਫ ਘਟਾਉਣ ‘ਤੇ ਸਹਿਮਤੀ ਪ੍ਰਗਟਾਈ ਹੈ। ਸ਼੍ਰੀਵਾਸਵਤ ਨੇ ਕਿਹਾ, ”ਭਾਰਤ ਦੀ ਚੁੱਪੀ ਹੈਰਾਨ ਕਰਨ ਵਾਲੀ ਹੈ ਅਤੇ ਭਾਰਤ ਨੂੰ ਤੱਥਾਂ ਨਾਲ ਜਵਾਬ ਦੇਣ ਦੀ ਲੋੜ ਹੈ। ਪੂਰੀ ਦੁਨੀਆਂ ਵੇਖ ਰਹੀ ਹੈ ਕਿ ਟਰੰਪ ਅਤੇ ਉਨ੍ਹਾਂ ਦੇ ਅਧਿਕਾਰੀ ਹਰ ਦਿਨ ਭਾਰਤ ਨੂੰ ਨੀਵਾਂ ਵਿਖਾ ਰਹੇ ਹਨ।” ਅਮਰੀਕੀ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਵੀ ਕਿਹਾ ਹੈ ਕਿ ਭਾਰਤ ਨੂੰ ਆਪਣਾ ਖੇਤੀਬਾੜੀ ਬਾਜ਼ਾਰ ਖੋਲ੍ਹਣ ਦੀ ਜ਼ਰੂਰਤ ਹੈ।