#INDIA

ਭਾਰਤ ਦੇ 23 ਸੂਬਿਆਂ ‘ਚ 22.5 ਕਰੋੜ ਦੀ ਸਾਈਬਰ ਠੱਗੀ; 2 ਗ੍ਰਿਫਤਾਰ

ਗਾਜ਼ੀਆਬਾਦ, 2 ਜੁਲਾਈ (ਪੰਜਾਬ ਮੇਲ)- ਦੇਸ਼ ਦੇ 23 ਸੂਬਿਆਂ ‘ਚ ਸਾਈਬਰ ਧੋਖਾਦੇਹੀ ਰਾਹੀਂ ਲੋਕਾਂ ਨਾਲ 22.5 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਅੰਤਰਰਾਸ਼ਟਰੀ ਗਿਰੋਹ ਦੇ 2 ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿਚ ਮੋਬਾਈਲ ਫੋਨ, ਸਿਮ ਕਾਰਡ, ਆਧਾਰ ਕਾਰਡ, ਵਾਈ-ਫਾਈ ਡੌਂਗਲ, 36 ਲੱਖ ਰੁਪਏ ਨਕਦ, ਲੈਪਟਾਪ, ਚੈੱਕ ਬੁੱਕ ਅਤੇ ਪਾਸਬੁੱਕ ਬਰਾਮਦ  ਕੀਤੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਗਾਜ਼ੀਆਬਾਦ ‘ਚ 3 ਅਤੇ ਦੇਸ਼ ਭਰ ‘ਚ 168 ਵਾਰਦਾਤਾਂ ਸਾਹਮਣੇ ਆਈਆਂ ਹਨ। ਇਹ ਲੋਕ ਸ਼ੇਅਰ ਟਰੇਡਿੰਗ ਦੇ ਨਾਂ ‘ਤੇ ਠੱਗੀ ਮਾਰਦੇ ਸਨ। ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਗਿਰੋਹ ਦੇ ਹੋਰ ਮੈਂਬਰਾਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਏ.ਡੀ.ਸੀ.ਪੀ. ਕ੍ਰਾਈਮ ਸਚਿਦਾਨੰਦ ਨੇ ਦੱਸਿਆ ਕਿ ਗਾਜ਼ੀਆਬਾਦ ਵਾਸੀ ਕੁਸ਼ਲ ਪਾਲ ਸਿੰਘ ਨੇ 70 ਲੱਖ ਰੁਪਏ, ਭਗਵੰਤ ਕੁਮਾਰ ਸਿੰਘ ਬੋਰਾ ਨੇ 24.81 ਲੱਖ ਰੁਪਏ ਅਤੇ ਰਾਹੁਲ ਰਾਜਾ ਨੇ 52.51 ਲੱਖ ਰੁਪਏ ਦੀ ਧੋਖਾਦੇਹੀ ਸਬੰਧੀ ਸਾਈਬਰ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਸੀ, ਜਿਸ ‘ਚ ਪੀੜਤਾਂ ਨੇ ਦੱਸਿਆ ਸੀ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਸ਼ੇਅਰ ਟਰੇਡਿੰਗ ਦੇ ਨਾਂ ‘ਤੇ ਟੈਕਸਟਾਰ ਅਤੇ ਯੂ.ਆਈ.ਸੀ.ਆਈ.ਆਰ. ਨਾਮੀ ਮੋਬਾਈਲ ਐਪ ਰਾਹੀਂ ਠੱਗੀ ਮਾਰੀ। ਜਿਸ ਤੋਂ ਬਾਅਦ ਸਾਈਬਰ ਥਾਣਾ ਪੁਲਿਸ ਠੱਗਾਂ ਦੀ ਭਾਲ ਵਿਚ ਸੀ।