ਵਾਸ਼ਿੰਗਟਨ, 13 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਵਾਡ ਸੰਮੇਲਨ ਵਿਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਸੱਦਾ ਮਿਲਿਆ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਦੇਸ਼ ਆਉਣ ਦਾ ਸੱਦਾ ਭੇਜਿਆ ਹੈ। ਇਸ ਦੌਰਾਨ ਮੋਦੀ ਨੇ 21 ਸਤੰਬਰ ਨੂੰ ਹੋਣ ਵਾਲੀ ਕਵਾਡ ਕਾਨਫਰੰਸ ਵਿਚ ਹਿੱਸਾ ਲੈਣ ਲਈ ਹਰੀ ਝੰਡੀ ਦੇ ਦਿੱਤੀ ਹੈ। ਅਮਰੀਕਾ ਕਵਾਡ ਮੈਂਬਰ ਦੇਸ਼ਾਂ ਦੀ ਬੈਠਕ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਕਾਨਫਰੰਸ ਇਸ ਮਹੀਨੇ ਦੀ 21 ਸਤੰਬਰ ਨੂੰ ਡੇਲਾਵੇਅਰ ਸੂਬੇ ਦੇ ਵਿਲਮਿੰਗਟਨ ਨਾਂ ਦੇ ਸ਼ਹਿਰ ਵਿਚ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਵਿਲਮਿੰਗਟਨ (ਡੇਲਾਵੇਅਰ) ਵਿਚ ਵਿਅਕਤੀਗਤ ਤੌਰ ‘ਤੇ ਕਵਾਡ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿਚ ਅਮਰੀਕਾ ਦੇ ਨਾਲ ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਕਵਾਡ ਦੇ ਮੈਂਬਰ ਦੇਸ਼ ਹਨ। ਰਾਸ਼ਟਰਪਤੀ ਜੋਅ ਬਾਇਡਨ ਅਤੇ ਮੋਦੀ ਦੇ ਨਾਲ-ਨਾਲ ਆਸਟਰੇਲੀਆ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਫੂਮਿਓ ਕਿਸ਼ਿਦਾ ਇਸ ਕਾਨਫਰੰਸ ਵਿਚ ਹਿੱਸਾ ਲੈਣਗੇ। ਸੰਨ 2021 ਵਿਚ, ਵ੍ਹਾਈਟ ਹਾਊਸ ਵਿਚ ਪਹਿਲੀ ਵਾਰ ਕਵਾਡ ਲੀਡਰਾਂ ਦਾ ਸੰਮੇਲਨ ਸ਼ੁਰੂ ਹੋਇਆ ਸੀ, ਉਦੋਂ ਤੋਂ ਇਹ ਮੀਟਿੰਗ ਹਰ ਸਾਲ ਕਰਵਾਈ ਜਾਂਦੀ ਹੈ। ਇਸ ਦੌਰਾਨ ਮੋਦੀ 21 ਸਤੰਬਰ ਤੋਂ ਤਿੰਨ ਦਿਨਾਂ ਲਈ ਅਮਰੀਕਾ ਜਾਣਗੇ। ਪ੍ਰਧਾਨ ਮੰਤਰੀ ਮੋਦੀ ਕਵਾਡ ਸਿਖਰ ਸੰਮੇਲਨ ‘ਚ ਭਾਈਵਾਲ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੇ ਸਬੰਧਾਂ ‘ਤੇ ਵੀ ਚਰਚਾ ਕਰਨਗੇ। ਮੋਦੀ 22 ਸਤੰਬਰ ਨੂੰ ਨਿਊਜਰਸੀ ਵਿਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ ਵਿਚ ਵੀ ਸ਼ਿਰਕਤ ਕਰਨਗੇ। ਉਹ 23 ਸਤੰਬਰ ਨੂੰ ਭਵਿੱਖ ਦੇ ਸਿਖਰ ਸੰਮੇਲਨ ਵਿਚ ਵੀ ਹਿੱਸਾ ਲੈਣਗੇ।