#AMERICA

ਭਾਰਤ ‘ਤੇ ਲਾਇਆ ਟੈਰਿਫ 50 ਫ਼ੀਸਦੀ ਤੋਂ ਘਟਾ ਕੇ 15-16 ਫ਼ੀਸਦੀ ਤੱਕ ਕਰ ਸਕਦੈ ਅਮਰੀਕਾ!

ਵਾਸ਼ਿੰਗਟਨ ਡੀ.ਸੀ., 22 ਅਕਤੂਬਰ (ਪੰਜਾਬ ਮੇਲ)- ਭਾਰਤ ਅਤੇ ਅਮਰੀਕਾ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬੇਹੱਦ ਨਜ਼ਦੀਕ ਹਨ। ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਅਮਰੀਕਾ ਬਹੁਤ ਜਲਦ ਭਾਰਤੀ ਵਸਤੂਆਂ ‘ਤੇ ਲੱਗੇ ਟੈਰਿਫ ਨੂੰ 50 ਫ਼ੀਸਦੀ ਤੋਂ ਘਟਾ ਕੇ 15 ਫ਼ੀਸਦੀ ਤੋਂ 16 ਫ਼ੀਸਦੀ ਤੱਕ ਕਰ ਸਕਦਾ ਹੈ।
ਇਸ ਸਮਝੌਤੇ ਵਿਚ ਮੁੱਖ ਤੌਰ ‘ਤੇ ਊਰਜਾ ਅਤੇ ਖੇਤੀਬਾੜੀ ਖੇਤਰਾਂ ਵਿਚ ਸਹਿਯੋਗ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਟੈਰਿਫ ਵਿਚ ਇਸ ਕਟੌਤੀ ਨਾਲ ਭਾਰਤੀ ਨਿਰਯਾਤ, ਖਾਸ ਤੌਰ ‘ਤੇ ਕੱਪੜਾ, ਇੰਜੀਨੀਅਰਿੰਗ ਸਮਾਨ ਅਤੇ ਦਵਾਈਆਂ ਅਮਰੀਕੀ ਬਾਜ਼ਾਰ ਵਿਚ ਵਧੇਰੇ ਮੁਕਾਬਲੇਬਾਜ਼ੀ ਬਣ ਸਕਦੇ ਹਨ।
ਇਸ ਡੀਲ ਤਹਿਤ ਭਾਰਤ ਕੁਝ ਅਮਰੀਕੀ ਖੇਤੀ ਉਤਪਾਦਾਂ ਜਿਵੇਂ ਕਿ ਗੈਰ-ਜੈਨੇਟਿਕ ਤੌਰ ‘ਤੇ ਸੋਧੀ ਹੋਈ ਮੱਕੀ ਅਤੇ ਸੋਇਆਮੀਲ ਦੇ ਆਯਾਤ ਨੂੰ ਵਧਾਉਣ ਦੀ ਇਜਾਜ਼ਤ ਦੇ ਸਕਦਾ ਹੈ। ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੇ ਆਯਾਤ ਵਿਚ ਕਮੀ ਲਿਆਉਣਾ ਵੀ ਇਸ ਵਾਪਰਕ ਗੱਲਬਾਤ ਦਾ ਵਪਾਰ ਗੱਲਬਾਤ ਦਾ ਇਕ ਪ੍ਰਮੁੱਖ ਤੱਤ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਭਾਰਤ ਰੂਸ ਤੋਂ ਤੇਲ ਦੀ ਖਰੀਦ ਨੂੰ ਘਟਾਵੇਗਾ। ਰਿਪੋਰਟਾਂ ਅਨੁਸਾਰ ਇਸ ਸਮਝੌਤੇ ਨੂੰ ਇਸ ਮਹੀਨੇ ਦੇ ਅਖੀਰ ਵਿਚ ਹੋਣ ਵਾਲੇ ਆਸੀਆਨ ਸੰਮੇਲਨ ਤੋਂ ਪਹਿਲਾਂ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ ‘ਤੇ ਨਾ ਭਾਰਤ ਅਤੇ ਅਮਰੀਕਾ, ਕਿਸੇ ਵੱਲੋਂ ਵੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ, ਪਰ ਇਨ੍ਹਾਂ ਰਿਪੋਰਟਾਂ ਦੀ ਸੱਚਾਈ ਕੁਝ ਹੀ ਸਮੇਂ ‘ਚ ਸਾਹਮਣੇ ਆ ਜਾਵੇਗੀ।