#INDIA

ਭਾਰਤ ‘ਚ ‘ਇਕ ਦੇਸ਼ ਇਕ ਚੋਣ’ ਲਈ ਕੋਈ ਥਾਂ ਨਹੀਂ : ਖੜਗੇ

ਨਵੀਂ ਦਿੱਲੀ, 19 ਜਨਵਰੀ (ਪੰਜਾਬ ਮੇਲ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਕ ਦੇਸ਼, ਇਕ ਚੋਣ ਦੇ ਵਿਸ਼ੇ ‘ਤੇ ਸਰਕਾਰ ਵੱਲੋਂ ਕਾਇਮ ਉੱਚ ਪੱਧਰੀ ਕਮੇਟੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਕ ਦੇਸ਼ ਵਿਚ ਇੱਕੋ ਸਮੇਂ ਚੋਣਾਂ ਦੀ ਧਾਰਨਾ ਦੀ ਕੋਈ ਥਾਂ ਨਹੀਂ ਹੈ। ਇਸ ਲਈ ਪਾਰਟੀ ਇਸ ਦਾ ਵਿਰੋਧ ਕਰਦੀ ਹੈ। ਕਮੇਟੀ ਦੇ ਸਕੱਤਰ ਨਿਤੇਨ ਚੰਦਰਾ ਨੂੰ ਭੇਜੇ ਸੁਝਾਅ ‘ਚ ਸ਼੍ਰੀ ਖੜਗੇ ਨੇ ਇਹ ਵੀ ਕਿਹਾ ਕਿ ਨਾਲੋ-ਨਾਲ ਚੋਣਾਂ ਕਰਵਾਉਣ ਦਾ ਵਿਚਾਰ ਸੰਵਿਧਾਨ ਦੇ ਮੂਲ ਢਾਂਚੇ ਦੇ ਖ਼ਿਲਾਫ਼ ਹੈ ਅਤੇ ਜੇ ਨਾਲੋ-ਨਾਲ ਚੋਣਾਂ ਦੀ ਵਿਵਸਥਾ ਨੂੰ ਲਾਗੂ ਕਰਨਾ ਹੈ, ਤਾਂ ਇਸ ‘ਚ ਵੱਡੇ ਬਦਲਾਅ ਕਰਨੇ ਹੋਣਗੇ। ਸਰਕਾਰ ਵੱਲੋਂ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਅਜਿਹੇ ਵਿਚਾਰ ਸੰਵਿਧਾਨ ਵਿਚ ਦਰਜ ਸੰਘਵਾਦ ਦੀ ਗਰੰਟੀ ਦੇ ਵਿਰੁੱਧ ਹਨ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਦੀ ਤਰਫੋਂ ਸੁਝਾਅ ਲਈ ਪਿਛਲੇ ਸਾਲ 18 ਅਕਤੂਬਰ ਨੂੰ ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖਿਆ ਗਿਆ ਸੀ। ਕਾਂਗਰਸ ਪ੍ਰਧਾਨ ਨੇ ਕਮੇਟੀ ਨੂੰ 17 ਨੁਕਤਿਆਂ ‘ਤੇ ਆਪਣੇ ਸੁਝਾਅ ਭੇਜੇ ਹਨ।