#PUNJAB

ਭਾਰਤ-ਕੈਨੇਡਾ ਤਣਾਅ ਨੇ ਪੰਜਾਬ ਵਸਦੇ ਪਰਿਵਾਰਾਂ ਦੀ ਚਿੰਤਾ ਵਧਾਈ

ਜਲੰਧਰ, 16 ਅਕਤੂਬਰ (ਪੰਜਾਬ ਮੇਲ)- ਭਾਰਤ-ਕੈਨੇਡਾ ਵਿਚ ਵਧ ਰਹੇ ਤਣਾਅ ਨੇ ਪੰਜਾਬ ਦੇ ਕਈ ਨੌਜਵਾਨਾਂ ਅਤੇ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ।
ਭਾਰਤ ਨੇ ਹਰਦੀਪ ਨਿੱਝਰ ਦੀ ਹੱਤਿਆ ਮਾਮਲੇ ਵਿਚ 6 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ‘ਚੋਂ ਕੱਢ ਦਿੱਤਾ ਅਤੇ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਵਾਪਸ ਸੱਦਣ ਦਾ ਐਲਾਨ ਕੀਤਾ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਇਸ ਵਧ ਰਹੇ ਕੂਟਨੀਤਕ ਵਿਵਾਦ ਨੇ ਕਈ ਪਰਿਵਾਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪੜ੍ਹਾਈ ਕਰਨ ਅਤੇ ਉੱਥੇ ਵੱਸਣ ਲਈ ਕੈਨੇਡਾ ਪੰਜਾਬੀਆਂ ਲਈ ਸਭ ਤੋਂ ਪਸੰਦੀਦਾ ਦੇਸ਼ਾਂ ‘ਚੋਂ ਇੱਕ ਹੈ। ਪੰਜਾਬੀ ਵੱਡੀ ਗਿਣਤੀ ਵਿਦੇਸ਼ਾਂ ‘ਚ ਵਸੇ ਹੋਏ ਹਨ। ਇਨ੍ਹਾਂ ‘ਚੋਂ ਬਹੁਤੇ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿਚ ਰਹਿ ਰਹੇ ਹਨ। ਜਾਣਕਾਰੀ ਅਨੁਸਾਰ ਕੈਨੇਡਾ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ‘ਚੋਂ 70 ਫੀਸਦੀ ਪੰਜਾਬੀ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਨੂੰ ਕੂਟਨੀਤਕ ਰਿਸ਼ਤੇ ਜਲਦੀ ਸੁਲਝਾ ਲੈਣੇ ਚਾਹੀਦੇ ਹਨ।
ਜਿਨ੍ਹਾਂ ਦੇ ਬੱਚੇ ਕੈਨੇਡਾ ਵਿਚ ਪੜ੍ਹਾਈ ਲਈ ਗਏ ਹਨ, ਉਨ੍ਹਾਂ ਦੇ ਬੱਚਿਆਂ ਨੂੰ ਵਰਕ ਪਰਮਿਟ ਵਧਾਉਣ ਵਿਚ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਆਪੋ-ਆਪਣੇ ਬੱਚਿਆਂ ਨੂੰ ਮਿਲਣ ਲਈ ਕੈਨੇਡਾ ਜਾਣ ਵਾਸਤੇ ਵਿਜ਼ਿਟਰ ਵੀਜ਼ਾ ਹਾਸਲ ਕਰਨ ਲਈ ਵੀ ਉਨ੍ਹਾਂ ਨੂੰ ਸਮੱਸਿਆ ਆ ਰਹੀ ਹੈ। ਮੌਜੂਦਾ ਕੂਟਨੀਤਕ ਵਿਵਾਦ ਕਾਰਨ ਕੈਨੇਡਾ ਅਤੇ ਭਾਰਤ ਦੋਵਾਂ ਦੇਸ਼ਾਂ ਵਿਚ ਭਾਰਤੀਆਂ ਨੂੰ ਆਪੋ-ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਵੀਜ਼ਾ ਪ੍ਰਾਪਤ ਕਰਨ ਵਿਚ ਮੁਸ਼ਕਲ ਆ ਸਕਦੀ ਹੈ।